ਸਰਵ ਕਰਮਚਾਰੀ ਸੰਘ ਦੀ ਅਗਵਾਈ ਹੇਠ ਮੁਜ਼ਾਹਰਾ
ਪੱਤਰ ਪ੍ਰੇਰਕ
ਯਮੁਨਾਨਗਰ, 11 ਅਪਰੈਲ
ਸਰਕਾਰੀ ਵਿਭਾਗਾਂ ਵਿੱਚ ਕੰਮ ਕਰਦੇ ਐੱਚਕੇਆਰਐੱਨਐੱਲ ਕਰਮਚਾਰੀਆਂ ਨੂੰ ਹਟਾਉਣ ਦੇ ਵਿਰੋਧ ਵਿੱਚ ਸਰਵ ਕਰਮਚਾਰੀ ਸੰਘ ਹਰਿਆਣਾ ਨਾਲ ਸਬੰਧਤ ਸਾਰੀਆਂ ਵਿਭਾਗੀ ਯੂਨੀਅਨਾਂ ਦੇ ਵਰਕਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਨਵੀਂ ਅਨਾਜ ਮੰਡੀ ਵਿੱਚ ਇਕੱਠੇ ਹੋਏ। ਵਰਕਰਾਂ ਨੇ ਜ਼ਿਲ੍ਹਾ ਮੁਖੀ ਮਹੀਪਾਲ ਸੌਦੇ ਦੀ ਪ੍ਰਧਾਨਗੀ ਹੇਠ ਪ੍ਰਦਰਸ਼ਨ ਕੀਤਾ ਅਤੇ ਮਿਨੀ ਸਕੱਤਰੇਤ ਗਏ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਮ ਤਹਿਸੀਲਦਾਰ ਨੂੰ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਸਰਵ ਕਰਮਚਾਰੀ ਸੰਘ ਹਰਿਆਣਾ ਦੇ ਸੂਬਾ ਸਕੱਤਰ ਮਾਂਗੇ ਰਾਮ ਤਿਗਰਾ ਅਤੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਨੇ ਹਰਿਆਣਾ ਸਰਕਾਰ ਦੇ ਸਕਿੱਲ ਕਾਰਪੋਰੇਸ਼ਨ ਕਰਮਚਾਰੀਆਂ ਨੂੰ ਹਟਾਉਣ ਦੇ ਇਸ ਕਦਮ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਭਾਜਪਾ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਚੋਣਾਂ- 2024 ਦੇ ਮੌਕੇ ਰਾਜ ਦੇ 1 ਲੱਖ 20 ਹਜ਼ਾਰ ਸਕਿੱਲ ਕਾਰਪੋਰੇਸ਼ਨ ਕਰਮਚਾਰੀਆਂ ਲਈ 58 ਸਾਲ ਤੱਕ ਰੁਜ਼ਗਾਰ ਸੁਰੱਖਿਆ ਗਾਰੰਟੀ ਦਾ ਐਲਾਨ ਕਰਕੇ ਵੋਟਾਂ ਪ੍ਰਾਪਤ ਕੀਤੀਆਂ। ਸੱਤਾ ਵਿੱਚ ਆਉਣ ਤੋਂ ਬਾਅਦ ਪਿਛਲੇ ਦੋ-ਤਿੰਨ ਮਹੀਨਿਆਂ ਵਿੱਚ, ਪੰਚਾਇਤੀ ਰਾਜ, ਸਿੰਜਾਈ, ਜੰਗਲਾਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਹਜ਼ਾਰਾਂ ਸਕਿੱਲ ਕਾਰਪੋਰੇਸ਼ਨ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਕੇ ਕਰਮਚਾਰੀਆਂ ਨਾਲ ਧੱਕਾ ਕੀਤਾ ਗਿਆ, ਜੋ ਕਿ ਜਾਇਜ਼ ਨਹੀਂ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵਿੱਚ ਸਕਿੱਲ ਕਾਰਪੋਰੇਸ਼ਨ ਅਧੀਨ ਨਿਯੁਕਤ ਅਧਿਆਪਕਾਂ ਨੂੰ 6-7 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਅਤੇ ਹੋਰ ਵਿਭਾਗਾਂ ਦੇ ਆਰਜ਼ੀ ਕਰਮਚਾਰੀਆਂ ਨੂੰ ਪਿਛਲੇ 4 ਸਾਲਾਂ ਤੋਂ ਤਨਖਾਹ ਨਹੀਂ ਮਿਲੀ ਹੈ। ਸਰਵ ਕਰਮਚਾਰੀ ਸੰਘ ਹਰਿਆਣਾ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਬਰਖਾਸਤ ਕੀਤੇ ਗਏ ਕੌਸ਼ਲ ਨਿਗਮ ਕਰਮਚਾਰੀਆਂ ਦੀਆਂ ਨੌਕਰੀਆਂ ਬਹਾਲ ਕੀਤੀਆਂ ਜਾਣ ਅਤੇ ਉਨ੍ਹਾਂ ਨੂੰ ਸਹੀ ਰੈਗੂਲਰਾਈਜ਼ੇਸ਼ਨ ਨੀਤੀ ਬਣਾ ਕੇ ਸਥਾਈ ਕੀਤਾ ਜਾਵੇ, ਹੋਰ ਸ਼੍ਰੇਣੀਆਂ ਦੇ ਅਸਥਾਈ ਕਰਮਚਾਰੀਆਂ ਨੂੰ ਵੀ ਸਥਾਈ ਕੀਤਾ ਜਾਵੇ, ਨਹੀਂ ਤਾਂ 20 ਅਪਰੈਲ ਨੂੰ ਸਰਵ ਕਰਮਚਾਰੀ ਸੰਘ ਹਰਿਆਣਾ ਦੇ ਰਾਜ ਪੱਧਰੀ ਸੱਦੇ ‘ਤੇ ਕੁਰੂਕਸ਼ੇਤਰ ਵਿੱਚ ਮੁੱਖ ਮੰਤਰੀ ਦੇ ਕੈਂਪ ਦਫਤਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਐੱਸਕੇਐੱਸ ਦੇ ਖਜ਼ਾਨਚੀ ਸਤੀਸ਼ ਕੁਮਾਰ, ਬਲਾਕ ਹੈੱਡ ਪ੍ਰੇਮ ਪ੍ਰਕਾਸ਼, ਮਕੈਨੀਕਲ-41 ਤੋਂ ਜ਼ਿਲ੍ਹਾ ਮੁਖੀ ਸੁਰੇਂਦਰ ਕਾਲਾ, ਰਾਮਪਾਲ, ਕੂਕੀ, ਹਰਜੀਤ, ਈਸ਼ਮ ਸਿੰਘ, ਰਮੇਸ਼, ਫਾਇਰ ਬ੍ਰਿਗੇਡ ਵਿਭਾਗ ਤੋਂ ਵਿਜੇਂਦਰ, ਨਗਰਪਾਲਿਕਾ ਤੋਂ ਵਰਿੰਦਰ ਧੀਮਾਨ, ਅਮਰੀਕ ਸਿੰਘ, ਯੂਨਿਟ ਹੈੱਡ ਪਾਪਲਾ, ਉਪ ਪ੍ਰਧਾਨ ਬਲਦੀਪ ਤੁੰਬੀ, ਲੋਕ ਸਿੰਘ, ਅਨਿਲ, ਐੱਚਐੱਸਵੀਪੀ ਤੋਂ ਮੇਹਰਬਾਨ, ਵਿਕਰਾਂਤ, ਪੰਚਾਇਤੀ ਰਾਜ ਤੋਂ ਰਵੀ ਆਸ਼ੀਸ਼, ਸਿੱਖਿਆ ਵਿਭਾਗ ਤੋਂ ਗੁਰਦੀਪ, ਪ੍ਰੀਤੀ, ਕੋਮਲ, ਬਿਜਲੀ ਵਿਭਾਗ ਤੋਂ ਮਾਇਆ ਰਾਮ, ਇੰਦਰਪ੍ਰਕਾਸ਼ ਮੌਜੂਦ ਸਨ।