ਸੜਕ ਹਾਦਸੇ ਵਿੱਚ ਤਿੰਨ ਦੀ ਮੌਤ
ਮਿਹਰ ਸਿੰਘ
ਕੁਰਾਲੀ, 31 ਮਾਰਚ
ਇੱਥੇ ਕੁਰਾਲੀ-ਸਿਸਵਾਂ ਸੜਕ ’ਤੇ ਅੱਜ ਤੜਕਸਾਰ ਹੋਏ ਸੜਕ ਹਾਦਸੇ ਵਿੱਚ ਮੁਟਿਆਰ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਇੱਕ ਜ਼ਖ਼ਮੀ ਹੋ ਗਿਆ। ਇਹ ਹਾਦਸਾ ਲੰਘੀ ਰਾਤ ਉਸ ਸਮੇਂ ਹੋਇਆ ਜਦੋਂ ਕੁਰਾਲੀ ਵੱਲ ਨੂੰ ਆ ਰਹੀ ਆਰਟਿਗਾ ਗੱਡੀ ਬੂਥਗੜ੍ਹ-ਚੰਡੀਗੜ੍ਹ ਟੀ ਪੁਆਇੰਟ ’ਤੇ ਆ ਕੇ ਅਚਾਨਕ ਬੇਕਾਬੂ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਬੇਕਾਬੂ ਹੋਈ ਗੱਡੀ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾਉਣ ਉਪਰੰਤ ਕਈ ਪਲਟੀਆਂ ਖਾ ਗਈ। ਹਾਦਸੇ ਦੌਰਾਨ ਗੱਡੀ ਵਿੱਚ ਸਵਾਰ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਹਾਦਸੇ ਉਪਰੰਤ ਇਕੱਠੇ ਹੋਏ ਲੋਕਾਂ ਨੇ ਕਾਰ ਵਿੱਚ ਫਸੀਆਂ ਸਾਰੀਆਂ ਸਵਾਰੀਆਂ ਨੂੰ ਕਾਫ਼ੀ ਮੁਸ਼ੱਕਤ ਮਗਰੋਂ ਬਾਹਰ ਕੱਢਿਆ।
ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਸ਼ੁਭਮ ਜਟਵਾਲ (25) ਪੁੱਤਰ ਸਤੀਸ਼ ਜਾਟਵਾਲ ਵਾਸੀ ਪਾਲਮਪੁਰ (ਹਿਮਾਚਲ ਪ੍ਰਦੇਸ਼), ਰੁਬੀਨਾ (24) ਪੁੱਤਰੀ ਸੁਰਜੀਤ ਸਿੰਘ, ਹਿਸਾਰ (ਹਰਿਆਣਾ), ਸੌਰਵ ਪਾਂਡੇ (26) ਪੁੱਤਰ ਸੰਜੇ ਪਾਂਡੇ ਮਲੋਆ ਚੰਡੀਗੜ੍ਹ ਵਜੋਂ ਹੋਈ ਜਦਕਿ ਉਨ੍ਹਾਂ ਦਾ ਚੌਥਾ ਸਾਥੀ ਮਨਵਿੰਦਰ (24) ਪੁੱਤਰ ਮਾਨਵੇਂਦਰਾ ਤਿਵਾੜੀ ਵਾਸੀ ਖੁੱਡਾ ਲਹੌਰਾ, ਚੰਡੀਗੜ੍ਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ੁਭਮ ਜਟਵਾਲ ਪੰਜਾਬ ਯੂਨੀਵਰਸਿਟੀ ਦੇ ਫੌਰੈਂਸਿਕ ਸਾਇੰਸ ਵਿਭਾਗ ਵਿੱਚ ਪੀਐੱਚਡੀ ਸਕਾਲਰ ਹੈ ਜਦਕਿ ਸੌਰਵ ਪੰਜਾਬ ਯੂਨੀਵਰਸਿਟੀ ਦੇ ਹਿਊਮਨ ਜੀਨਜ਼ ਵਿਭਾਗ ਵਿੱਚੋਂ ਪੜ੍ਹਾਈ ਮੁਕੰਮਲ ਕਰਨ ਉਪਰੰਤ ਪੀਜੀਆਈ ਵਿੱਚ ਕੰਮ ਕਰ ਰਿਹਾ ਹੈ। ਮ੍ਰਿਤਕਾ ਰੁਬੀਨਾ ਪ੍ਰਾਈਵੇਟ ਨੌਕਰੀ ਕਰਦੀ ਦੱਸੀ ਜਾਂਦੀ ਹੈ ਜਦਕਿ ਜ਼ਖ਼ਮੀ ਮਨਵਿੰਦਰ ਫੋਰੈਂਸਿਕ ਸਾਇੰਸ ਦਾ ਵਿਦਿਆਰਥੀ ਹੈ ਤੇ ਰਿਸਰਚ ਸਕਾਲਰ ਦੱਸਿਆ ਜਾਂਦਾ ਹੈ।
ਥਾਣਾ ਮਾਜਰੀ ਦੇ ਐੱਸਐੱਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਜਾਪਦਾ ਹੈ ਕਿ ਹਾਦਸਾ ਰਾਤ ਦੇ ਹਨੇਰੇ ਵਿੱਚ ਸਪੀਡ ਬ੍ਰੇਕਰ ਨਜ਼ਰ ਨਾ ਆਉਣ ਕਾਰਨ ਵਾਪਰਿਆ ਹੈ।