ਤੇਜ਼ਧਾਰ ਹਥਿਆਰ ਨਾਲ ਪ੍ਰੇਮਿਕਾ ਦਾ ਕਤਲ
ਗਗਨਦੀਪ ਅਰੋੜਾ
ਲੁਧਿਆਣਾ, 3 ਅਪਰੈਲ
ਦੁੱਗਰੀ ਦੇ ਹਿੰਮਤ ਸਿੰਘ ਨਗਰ ਇਲਾਕੇ ਵਿੱਚ ਅੱਜ ਦਿਨ ਦਿਹਾੜੇ ਨੌਜਵਾਨ ਨੇ ਆਪਣੀ ਕਥਿਤ ਪ੍ਰੇਮਿਕਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮਗਰੋਂ ਪੁਲੀਸ ਨੇ ਮੁਲਜ਼ਮ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਅਕਵਿੰਦਰ ਕੌਰ ਦੋ ਬੱਚਿਆਂ ਦੀ ਮਾਂ ਸੀ ਅਤੇ ਉਸ ਦਾ ਆਪਣੇ ਪਤੀ ਤੋਂ ਤਲਾਕ ਹੋ ਗਿਆ ਸੀ। ਉਹ ਮਾਲੇਰਕੋਟਲਾ ਇਲਾਕੇ ਦੇ ਰਹਿਣ ਵਾਲੇ ਮੁਲਜ਼ਮ ਸਿਮਰਨਜੀਤ ਸਿੰਘ ਨਾਲ ਲੰਬੇ ਸਮੇਂ ਰਹਿ ਰਹੀ ਸੀ। ਕੁਝ ਸਮਾਂ ਪਹਿਲਾਂ ਦੋਵਾਂ ਵਿਚਕਾਰ ਝਗੜਾ ਹੋਇਆ ਸੀ ਅਤੇ ਮਾਮਲਾ ਡੇਹਲੋਂ ਥਾਣੇ ਤੱਕ ਪੁੱਜ ਗਿਆ ਸੀ। ਦੋ ਦਿਨ ਪਹਿਲਾਂ ਹੀ ਦੋਵਾਂ ਵਿਚਕਾਰ ਸਮਝੌਤਾ ਹੋਇਆ ਸੀ। ਅਕਵਿੰਦਰ ਕੌਰ ਪਿਛਲੇ ਸਾਲ ਤੋਂ ਸਪਾ ਸੈਂਟਰ ਵਿੱਚ ਕੰਮ ਕਰ ਰਹੀ ਸੀ। ਮੁਲਜ਼ਮ ਨੂੰ ਪਤਾ ਸੀ ਕਿ ਅਕਵਿੰਦਰ ਕਦੋਂ ਉੱਥੇ ਹੁੰਦੀ ਹੈ। ਅੱਜ ਦੁਪਹਿਰੇ ਮੁਲਜ਼ਮ ਉੱਥੇ ਪਹੁੰਚ ਗਿਆ ਅਤੇ ਦੋਵਾਂ ਵਿਚਕਾਰ ਬਹਿਸ ਹੋ ਗਈ। ਇਸ ਦੌਰਾਨ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ। ਜ਼ਖਮੀ ਹੋਣ ਮਗਰੋਂ ਅਕਵਿੰਦਰ ਉੱਥੇ ਡਿੱਗ ਪਈ ਤੇ ਮੁਲਜ਼ਮ ਫ਼ਰਾਰ ਹੋ ਗਿਆ। ਉੱਥੇ ਮੌਜੂਦ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਉਸ ਦੀ ਮੌਤ ਹੋ ਗਈ।
ਥਾਣਾ ਦੁੱਗਰੀ ਦੇ ਐੱਸਐੱਚਓ ਐੱਸਆਈ ਨਰਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਨੂੰ ਇਲਾਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਤੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਹਾਲੇ ਇਹ ਪਤਾ ਨਹੀਂ ਲੱਗਿਆ ਕਿ ਦੋ ਦਿਨ ਪਹਿਲਾਂ ਹੋਇਆ ਸਮਝੌਤਾ ਕਿਸ ਬਾਰੇ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।