ਦੋਸਤਾਂ ਵੱਲੋਂ ਨੌਜਵਾਨ ਦੀ ਘਰ ’ਚ ਗੋਲੀ ਮਾਰ ਕੇ ਹੱਤਿਆ
ਇਥੋਂ ਦੇ ਪਿੰਡ ਰਸੂਲਪੁਰ ਵਿੱਚ ਅੱਜ ਸਵੇਰੇ ਨੌਜਵਾਨ ਦੀ ਉਸ ਦੇ ਘਰ ਮਿਲਣ ਆਏ ਦੋਸਤਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ| ਮ੍ਰਿਤਕ ਦੀ ਪਛਾਣ ਅਜੈਵੀਰ ਸਿੰਘ (23) ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਹੈ। ਉਹ ਇੱਥੇ ਆਪਣੇ ਪਰਿਵਾਰ ਸਮੇਤ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ| ਅਜੈਵੀਰ ਦਿਹਾੜੀਦਾਰ ਮਜ਼ਦੂਰ ਸੀ ਅਤੇ ਕੰਮ ’ਤੇ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ ਉਸ ਨੂੰ ਗੁਆਂਢ ਦੇ ਪਿੰਡ ਚੁਤਾਲਾ ਵਾਸੀ ਜਗਰੂਪ ਸਿੰਘ ਜੂਪਾ ਅਤੇ ਅਰਸ਼ਦੀਪ ਸਿੰਘ ਅਰਸ਼ੀ ਮਿਲਣ ਲਈ ਆ ਗਏ| ਇਸ ਦੌਰਾਨ ਉਹ ਅਜੈਵੀਰ ਸਿੰਘ ਨਾਲ ਚਾਹ ਪੀ ਰਹੇ ਸਨ ਕਿ ਉਨ੍ਹਾਂ ਅਚਾਨਕ ਉਸ ’ਤੇ ਗੋਲੀ ਚਲਾ ਦਿੱਤੀ ਜਿਹੜੀ ਸਿਰ ਦੇ ਆਰ ਪਾਰ ਹੋ ਗਈ| ਵਾਰਦਾਤ ਤੋਂ ਤੁਰੰਤ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ| ਪਰਿਵਾਰ ਨੇ ਅਜੈਵੀਰ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਲਿਆਂਦਾ, ਜਿਥੇ ਉਹ ਥੋੜ੍ਹੀ ਦੇਰ ਮਗਰੋਂ ਦਮ ਤੋੜ ਗਿਆ| ਡੀਐੱਸਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫ਼ਰਾਰ ਹੋਣ ਵੇਲੇ ਵਾਰਦਾਤ ’ਚ ਵਰਤਿਆ ਗਲੋਕ ਪਿਸਤੌਲ ਉਥੇ ਛੱਡ ਗਏ ਜਿਹੜਾ ਪੁਲੀਸ ਨੇ ਮੌਕੇ ਤੋਂ ਬਰਾਮਦ ਕਰ ਲਿਆ| ਇਸ ਦੌਰਾਨ ਕੀਤੀ ਜਾਂਚ ਮਗਰੋਂ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ|