ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਸ ਅੱਡਿਆਂ ’ਚ ਫੂਕੀਆਂ ਬਜਟ ਦੀਆਂ ਕਾਪੀਆਂ

05:21 AM Apr 04, 2025 IST
­ਪੀਆਰਟੀਸੀ ਅਤੇ ਪਨਬੱਸ ਦੇ ਠੇਕੇ ’ਤੇ ਕੰਮ ਕਰਦੇ ਕਰਮਚਾਰੀ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਨੌਕਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ। ਫੋਟੋ: ਵਿਸ਼ਾਲ ਕੁਮਾਰ
ਕੁਲਦੀਪ ਸਿੰਘਚੰਡੀਗੜ੍ਹ, 3 ਅਪਰੈਲ
Advertisement

ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਅੱਜ ਬੱਸ ਕਾਮਿਆਂ ਨੇ ਸੂਬੇ ਭਰ ਵਿੱਚ ਸਾਰੇ ਬੱਸ ਅੱਡਿਆਂ ’ਤੇ ਪੰਜਾਬ ਸਰਕਾਰ ਦੇ ਨਵੇਂ ਬਜਟ ਦੀਆਂ ਕਾਪੀਆਂ ਸਾੜੀਆਂ। ਇਸ ਤੋਂ ਇਲਾਵਾ ਯੂਨੀਅਨ ਵੱਲੋਂ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਦੋ ਘੰਟਿਆਂ ਲਈ ਬੱਸ ਅੱਡੇ ਬੰਦ ਕਰਕੇ ‘ਆਪ’ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਕਾਮਿਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ। ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਮੀਤ ਪ੍ਰਧਾਨ ਹਰਕੇਸ਼ ਕੁਮਾਰ, ਸਕੱਤਰ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੇ ਨਵੇਂ ਬਜਟ ਵਿੱਚ ਸਰਕਾਰੀ ਟਰਾਂਸਪੋਰਟ ਅਤੇ ਇਸ ਦੇ ਕਰਮਚਾਰੀਆਂ ਨੂੰ ਬਿਲਕੁਲ ਅਣਦੇਖਾ ਕੀਤਾ ਗਿਆ ਹੈ। ਇਸ ਕਾਰਨ ਕਾਮਿਆਂ ਵਿੱਚ ਬਜਟ ਪ੍ਰਤੀ ਰੋਸ ਹੈ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਵਿੱਚ ਕੱਚੇ ਮੁਲਾਜ਼ਮਾਂ ਅਤੇ ਟਰਾਂਸਪੋਰਟ ਵਿਭਾਗ ਲਈ ਕੋਈ ਵੀ ਯੋਗ ਫੈਸਲਾ ਨਾ ਕਰਨਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਦੀ ਟਰਾਂਸਪੋਰਟ ਵਿਭਾਗ ਪ੍ਰਤੀ ਬੇਰੁਖ਼ੀ ਅਤੇ ਨਿੱਜੀਕਰਨ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ। ਸੈਸ਼ਨ ਵਿੱਚ ਜੋ ਔਰਤਾਂ ਨੂੰ ਮੁਫ਼ਤ ਸਫ਼ਰ ਸਹੂਲਤ ਲਈ 450 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਉਸ ਤੋਂ ਕਿਤੇ ਵੱਧ ਮੁਫ਼ਤ ਸਫ਼ਰ ਲਗਪਗ ਕੇਵਲ 3 ਮਹੀਨਿਆਂ ਵਿੱਚ ਹੀ ਕੀਤਾ ਜਾਂਦਾ ਹੈ। ਇਸ ਸਮੇਂ ਸਰਕਾਰ ਵੱਲ ਟਰਾਂਸਪੋਰਟ ਵਿਭਾਗ ਦੇ ਮੁਫ਼ਤ ਸਫ਼ਰ ਸਹੂਲਤਾਂ ਦੇ 600-700 ਕਰੋੜ ਰੁਪਏ ਬਕਾਇਆ ਹਨ। ਇਸ ਕਾਰਨ ਟਰਾਂਸਪੋਰਟ ਵਿਭਾਗਾਂ ਦੀ ਹਾਲਤ ਪਹਿਲਾਂ ਹੀ ਬਹੁਤ ਖ਼ਸਤਾ ਹੈ। ਵਿਭਾਗ ਵੱਲੋਂ ਕੋਈ ਵੀ ਨਵੀਂ ਬੱਸ ਨਹੀਂ ਪਾਈ ਗਈ। ਟਾਇਰਾਂ ਅਤੇ ਸਪੇਅਰ ਪਾਰਟ ਨਾ ਮਿਲਣ ਕਾਰਨ ਕਈ ਬੱਸਾਂ ਖੜ੍ਹੀਆਂ ਹਨ। ਪਨਬਸ ਵਿੱਚ ਟਿਕਟ ਮਸ਼ੀਨਾਂ ਤੱਕ ਨਹੀਂ ਹਨ।

Advertisement

ਸਰਕਾਰ ਬਣੀ ਨੂੰ 3 ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ। ਅਜੇ ਤੱਕ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਨਾ ਹੀ ਸਰਕਾਰੀ ਬੱਸਾਂ ਪਾਈਆਂ ਗਈਆਂ ਹਨ ਜਦੋਂਕਿ ਪਨਬੱਸ ਅਤੇ ਪੀਆਰਟੀਸੀ ਵਿਭਾਗਾਂ ਨੇ ਆਪਣੇ ਪੱਧਰ ’ਤੇ ਕਰਜ਼ ਦੀ ਸਹਾਇਤਾ ਨਾਲ ਬੱਸਾਂ ਖਰੀਦਣੀਆਂ ਹੁੰਦੀਆਂ ਹਨ ਉਸ ਦੀ ਪ੍ਰਵਾਨਗੀ ਦੇਣ ਵਿੱਚ ਵੀ ‘ਆਪ’ ਸਰਕਾਰ ਅਸਮਰੱਥ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਵਿਭਾਗ ਦਾ ਨਿੱਜੀਕਰਨ ਕਰਨ ਦੇ ਯਤਨ ਕੀਤੇ ਅਤੇ ਚਹੇਤਿਆਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਤਾਂ ਯੂਨੀਅਨ ਵੱਲੋਂ ਸਰਕਾਰ ਦਾ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ ਜਾਵੇਗਾ।

ਟਰਾਂਸਪੋਰਟ ਮੰਤਰੀ ਨਾਲ ਮੀਟਿੰਗ ਮਗਰੋਂ ਹੜਤਾਲ ਮੁਲਤਵੀ

ਚੰਡੀਗੜ੍ਹ: ਬੱਸ ਕਾਮਿਆਂ ਵੱਲੋਂ ਸੂਬੇ ਵਿੱਚ ਬਜਟ ਦੀਆਂ ਕਾਪੀਆਂ ਸਾੜਨ ਦੇ ਚਲਦੇ ਪ੍ਰੋਗਰਾਮ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੂੰ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਵਿਖੇ ਬੁਲਾ ਕੇ ਮੀਟਿੰਗ ਕੀਤੀ ਗਈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਮੰਤਰੀ ਨਾਲ ਕਈ ਮੰਗਾਂ ’ਤੇ ਸਹਿਮਤੀ ਹੋ ਗਈ ਹੈ ਜਿਸ ਕਰਕੇ ਯੂਨੀਅਨ ਨੇ 7, 8, ਅਤੇ 9 ਅਪਰੈਲ ਦੀ ਹੜਤਾਲ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 9 ਅਪਰੈਲ ਨੂੰ ਫਿਰ ਮੀਟਿੰਗ ਕੀਤੀ ਜਾਵੇਗੀ ਅਤੇ ਸਰਕਾਰ ਦੀ ਕਾਰਵਾਈ ਨੂੰ ਵਾਚਦਿਆਂ ਅਗਲਾ ਫੈਸਲਾ ਕੀਤਾ ਜਾਵੇਗਾ।

ਬੱਸ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਸਵਾਰੀਆਂ ਖੁਆਰ

ਪਟਿਆਲਾ (ਸਰਬਜੀਤ ਸਿੰਘ ਭੰਗੂ): ਮੰਗਾਂ ਦੀ ਪੂਰਤੀ ਲਈ ਪੀਆਰਟੀਸੀ ਦੇ ਠੇਕਾ ਕਾਮੇ ਅਤੇ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਅੱਜ 10 ਤੋਂ 12 ਵਜੇ ਤੱਕ ਦੋ ਘੰਟੇ ਪੰਜਾਬ ਭਰ ’ਚ ਬੱਸ ਅੱਡਿਆਂ ਦਾ ਘਿਰਾਓ ਕਰਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਬੱਸ ਆਵਾਜਾਈ ਪ੍ਰਭਾਵਿਤ ਹੋਈ ਅਤੇ ਸਵਾਰੀਆਂ ਖੱਜਲ ਖੁਆਰ ਹੋਈਆਂ। ਇਸੇ ਕੜੀ ਵਜੋਂ ਹੀ ਪੀਆਰਟੀਸੀ ਦੇ ਮੁੱਖ ਦਫਤਰ ਪਟਿਆਲਾ ਵਾਲੇ ਬੱਸ ਅੱਡੇ ਦਾ ਵੀ ਯੂਨੀਅਨ ਦੇ ਵਰਕਰਾਂ ਵੱਲੋਂ ਘਿਰਾਓ ਕੀਤਾ ਗਿਆ। ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਨੇ ਇਸ ਮੌਕੇ ਸੰਬੋਧਨ ਕੀਤਾ।

 

Advertisement