ਗਤਕਾ ਪ੍ਰਦਰਸ਼ਨੀ ਤੇ ਲਾਈਟ ਐਂਡ ਸਾਊਂਡ ਸ਼ੋਅ
ਪਟਿਆਲਾ, 9 ਅਪਰੈਲ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਗਤਕਾ ਪੰਜਾਬ ਦੀ ਪੁਰਾਤਨ ਜੰਗ ਜੂ ਖੇਡ ਹੈ ਅਤੇ ਸਿੱਖ ਗੁਰੂਆਂ ਵੱਲੋਂ ਇਸ ਨੂੰ ਵਿਸ਼ਸ਼ ਤੌਰ ’ਤੇ ਪ੍ਰਫੁੱਲਤ ਕੀਤਾ ਗਿਆ ਹੈ। ਉਹ ਸੇਵਾ ਸੁਸਾਇਟੀ ਪਟਿਆਲਾ ਵੱਲੋਂ ਸ਼ੇਰੇ ਪੰਜਾਬ ਮਾਰਕੀਟ ਵਿੱਚ ਵਿਸਾਖੀ ਨੂੰ ਸਮਰਪਿਤ ‘ਖਾਲਸਾ ਅਕਾਲ ਪੁਰਖ ਕੀ ਫੌਜ’ ਦੇ ਬੈਨਰ ਹੇਠ ਗਤਕਾ ਪ੍ਰਦਰਸ਼ਨੀ ਅਤੇ ਲਾਈਟ ਸਾਊਂਡ ’ਤੇ ਆਧਾਰਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਵਿੱਤ ਮੰਤਰੀ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਧਰਮ ਦੀ ਪੁਰਾਤਨ ਖੇਡ ਗਤਕਾ ਨਾਲ ਸੰਗਤ ਨੂੰ ਰੂ-ਬ-ਰੂ ਕਰਵਾਇਆ। ਉਨ੍ਹਾਂ ਕਿਹਾ ਕਿ ਪਟਿਆਲਾ ਦਾ ਇਤਿਹਾਸ ਬਹੁਤ ਪੁਰਾਣਾ ਹੈ। ਜਿਹੜੀਆਂ ਕੌਮਾਂ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਤੇ ਉਹ ਕੌਮਾਂ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿੰਦੀਆਂ ਹਨ। ਹਰਪਾਲ ਚੀਮਾ ਨੇ ਸੁਸਾਇਟੀ ਵੱਲੋਂ ਕਰਵਾਏ ਗਏ ਨਾਟਕ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ ਤੇ ਪਦਮਸ੍ਰੀ ਜਗਜੀਤ ਸਿੰਘ ਦਰਦੀ ਆਦਿ ਹਾਜ਼ਰ ਸਨ। ਇਸ ਮੌਕੇ ਬਲਦੀਪ ਸਿੰਘ, ਭੁਪਿੰਦਰ ਸਿੰਘ ਐਡਵੋਕੇਟ, ਹਰਵਿੰਦਰ ਪਾਲ ਸਿੰਘ ਵਿੰਟੀ, ਵਰਿੰਦਰ ਸਿੰਘ , ਅਮਰਿੰਦਰ ਸਿੰਘ, ਬਿੱਟੂ ਅਤੇ ਮਨਦੀਪ ਸਿੰਘ ਹਾਜ਼ਰ ਸਨ। ਇਸ ਦੌਰਾਨ ਹੀ ਪ੍ਰਬੰਧਕਾਂ ਨੇ ਵਿੱਤ ਮੰਤਰੀ ਦਾ ਸਨਮਾਨ ਵੀ ਕੀਤਾ।