ਭਾਰਤੀ ਨੰਬਰ ਰਾਹੀਂ ਘਰ ਘਰ ਪਹੁੰਚਾਇਆ ਜਾ ਰਿਹਾ ਗੁਰਪਤਵੰਤ ਪੰਨੂ ਦਾ ਸੁਨੇਹਾ
ਵਿਦੇਸ਼ ਵਿਚ ਬੈਠੇ ਸਿੱਖ ਫ਼ਾਰ ਜਸਟਿਸ ਦੇ ਆਗੂ ਤੇ ਗੁਰਪਤਵੰਤ ਸਿੰਘ ਪੰਨੂ ਦਾ ਸੁਨੇਹਾ ਹੁਣ ਭਾਰਤੀ ਨੰਬਰਾਂ ਤੋਂ ਹੀ (ਭਾਰਤੀ ਆਈਐਸਡੀ ਕੋਡ) ਪੰਜਾਬ ਦੇ ਘਰ-ਘਰ ਪਹੁੰਚਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਫ਼ੌਜੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਿਰੁੱਧ ਹਥਿਆਰ ਨਾ ਚੁੱਕਣ, ਸਗੋਂ ਉਹ ਪਾਕਿਸਤਾਨ ਦੇ ਪੱਖ ਵਿਚ ਹੋਣ ਅਤੇ ਭਾਰਤੀ ਸਰਕਾਰ ਦੀ ਖ਼ਿਲਾਫ਼ਤ ਕਰਨ।
ਗੁਰ ਪਤਵੰਤ ਸਿੰਘ ਪੰਨੂ ਦੀ ਅਵਾਜ਼ ਵਿਚ ਫ਼ੋਨ ਨੰਬਰ 919240011819 ਤੋਂ ਵੱਖ ਵੱਖ ਨੰਬਰਾਂ ਤੇ ਸੰਦੇਸ਼ ਪੁੱਜ ਰਿਹਾ ਹੈ ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਪਿੰਡਾਂ ਵਿਚ ਜਿੰਨੇ ਵੀ ਫ਼ੌਜੀ ਹਨ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਪੰਜਾਬੀ ਫ਼ੌਜੀ ਪਾਕਿਸਤਾਨ ਖ਼ਿਲਾਫ਼ ਹਥਿਆਰ ਨਾ ਉਠਾਉਣ। ਸਗੋਂ ਉਹ ਪਾਕਿਸਤਾਨ ਦੇ ਹਿਤ ਵਿਚ ਹੀ ਭੁਗਤਣ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਪੰਨੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੇ ਕਿਸਾਨਾਂ ਵਿਰੁੱਧ ਫ਼ੈਸਲੇ ਕੀਤੇ ਜਿਸ ਕਰਕੇ ਹਜ਼ਾਰਾਂ ਕਿਸਾਨਾਂ ਦੀ ਜਾਨ ਚਲੀ ਗਈ, ਭਾਰਤੀ ਸਰਕਾਰ ਪੰਜਾਬ ਦੇ ਹਿਤ ਵਿਚ ਨਹੀਂ ਹੈ,ਜਦ ਕਿ ਪੰਜਾਬ ਦੇ ਹਿਤ ਵਿਚ ਪਾਕਿਸਤਾਨ ਹੈ।
ਇਹ ਕਿਸ ਦੀ ਅਵਾਜ਼ ਹੈ ਇਸ ਦੀ ‘ਪੰਜਾਬੀ ਟ੍ਰਿਬਿਊਨ’ ਪੁਸ਼ਟੀ ਨਹੀਂ ਕਰਦਾ, ਪਰ ਦੇਸ਼ ਪੱਖੀ ਲੋਕਾਂ ਵਿਚ ਇਸ ਬਾਰੇ ਗ਼ੁੱਸਾ ਆਇਆ ਹੈ ਕਿ ਪੰਨੂ ਵਿਦੇਸ਼ ਦੀ ਧਰਤੀ ਤੇ ਲੁਕ ਕੇ ਬੈਠ ਕੇ ਭਾਰਤ ਵਿਰੋਧੀ ਮੁਹਿੰਮ ਚਲਾ ਰਿਹਾ ਹੈ ਅਤੇ ਜੋ ਪੰਜਾਬ ਦੇ ਲੋਕਾਂ ਨੂੰ ਭੜਕਾ ਰਿਹਾ ਹੈ ਪਰ ਹਰ ਪੰਜਾਬੀ ਦੇਸ਼ ਦੇ ਹਿਤ ਵਿਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਹਮੇਸ਼ਾ ਹੀ ਆਪਣੇ ਦੇਸ਼ ਦੇ ਪੱਖ ਵਿਚ ਹੀ ਲੜਾਈ ਲੜਿਆ ਹੈ, ਪੰਨੂ ਦੇ ਭਾਰਤੀ ਵਿਰੋਧੀ ਮਨਸੂਬੇ ਪੂਰੇ ਨਹੀਂ ਹੋਣਗੇ। ਪਾਕਿਸਤਾਨ ਵਲੋਂ ਕਥਿਤ ਅਤਿਵਾਦ ਨੂੰ ਦਿੱਤੀ ਜਾ ਰਹੀ ਸ਼ਹਿ ਦਾ ਜਵਾਬ ਭਾਰਤ ਜਰੂਰ ਦੇਵੇਗਾ।