ਮਾਈਨਰ ਵਿੱਚ ਪਾੜ ਪਿਆ
ਬੀਰਬਲ ਰਿਸ਼ੀ
ਸ਼ੇਰਪੁਰ, 15 ਜੂਨ
ਸ਼ੇਰਪੁਰ-ਬੜੀ ਰੋਡ ’ਤੇ ਲੰਘਦੀ ਮਾਈਨਰ-2 ’ਤੇ ਚੜ੍ਹਦੇ ਵੱਲ ਪਏ ਪਾੜ ਨੂੰ ਨਸ਼ਾ ਰੋਕੂ ਕਮੇਟੀ ’ਚ ਸ਼ਾਮਲ ਨੌਜਵਾਨ ਕਾਰਕੁਨਾਂ ਨੇ ਆਮ ਲੋਕਾਂ ਅਤੇ ਮਗਨਰੇਗਾ ਮਜ਼ਦੂਰਾਂ ਦੀ ਸਹਾਇਤਾ ਨਾਲ ਪੂਰ ਦਿੱਤਾ। ਹੈਰਾਨੀਜਨਕ ਹੈ ਕਿ ਇਸ ਘਟਨਾਕ੍ਰਮ ਦੇ ਕਈ ਘੰਟੇ ਬੀਤ ਜਾਣ ਮਗਰੋਂ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਇਸ ਦੀ ਖ਼ਬਰ ਨਹੀਂ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਸ਼ਾ ਰੋਕੂ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੰਦਾ ਨੇ ਦੱਸਿਆ ਕਿ ਮਾਈਨਰ-2 ਵਿੱਚ ਪਾਣੀ ਤੇਜ਼ ਵਹਾਅ ਨਾਲ ਹੋਣ ਕਰਕੇ ਪਿਆ ਪਾੜ 10 ਤੋਂ 15 ਫੁੱਟ ਤੱਕ ਪਹੁੰਚ ਗਿਆ ਸੀ ਜਿਸ ਕਰਕੇ ਮੌਕੇ ’ਤੇ ਲੋਕਾਂ ਤੇ ਮਗਨਰੇਗਾ ਕਾਮਿਆਂ ਦੇ ਸਹਿਯੋਗ ਨਾਲ ਬੋਰੀਆਂ ਲਗਾ ਕੇ ਇਸ ਪਾੜ ਨੂੰ ਪੂਰਿਆ ਗਿਆ। ਕਿਸਾਨ ਬੌਬੀ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਘਰਾਂ ਦਾ ਝੋਨਾ ਪ੍ਰਭਾਵਿਤ ਹੋਇਆ ਹੈ ਜਿਸ ਵਿੱਚ ਪੱਤੀ ਖਲੀਲ ਦੇ ਇੱਕ ਕਿਸਾਨ ਦੀ ਤਕਰੀਬਨ 4 ਏਕੜ ਅਤੇ ਉਨ੍ਹਾਂ ਦੇ ਪਿਤਾ ਬਲਜਿੰਦਰ ਸਿੰਘ ਦੇ ਨਾਮ ’ਤੇ ਠੇਕੇ ’ਤੇ ਲਈ ਜ਼ਮੀਨ 27 ਵਿੱਘੇ ’ਚੋਂ ਤਕਰੀਬਨ 20 ਵਿੱਘੇ ਵਿਚ ਲਗਾਏ ਝੋਨੇ ਵਾਲੀ ਜ਼ਮੀਨ ’ਤੇ ਪਾਣੀ ਚੜ੍ਹ ਜਾਣ ਨਾਲ ਝੋਨੇ ਦੇ ਨੁਕਸਾਨ ਦਾ ਖਦਸ਼ਾ ਹੈ। ਕਈ ਘੰਟੇ ਬੀਤ ਜਾਣ ਅਤੇ ਪਾੜ ਪੂਰੇ ਜਾਣ ਮਗਰੋਂ ਜਦੋਂ ਨਾਇਬ ਤਹਿਸੀਲਦਾਰ ਸ਼ੇਰਪੁਰ ਵਿਜੇ ਆਹੀਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਨੇ ਉਨ੍ਹਾਂ ਦੇ ਧਿਆਨ ਵਿੱਚ ਅੱਜ ਸ਼ਾਮ ਤੱਕ ਅਜਿਹਾ ਕੁੱਝ ਨਹੀਂ ਲਿਆਂਦਾ। ਨਹਿਰੀ ਵਿਭਾਗ ਦੇ ਐਸਡੀਓ ਗੁਰਪਾਲ ਸਿੰਘ ਨੇ ਕਿਹਾ ਕਿ ਇਹ ਕੋਈ ਬਹੁਤਾ ਵੱਡਾ ਮਾਮਲਾ ਨਹੀਂ ਕਿਉਂਕਿ ਪਾੜ ਪੂਰਨ ਮੌਕੇ ਲਗਾਏ ਗਏ ਮਗਨਰੇਗਾ ਕਾਮੇ ਉਨ੍ਹਾਂ ਦੇ ਵਿਭਾਗ ਦੇ ਕਹਿਣ ’ਤੇ ਲਗਾਏ ਗਏ ਸਨ।