ਮਸਾਲੇ ਬਣਾਉਣ ਵਾਲੀ ਇਕਾਈ ਤੋਂ ਮਿਆਦ ਪੁੱਗੀ ਹਲਦੀ ਜ਼ਬਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਜੂਨ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫਡੀਏ) ਦੇ ਕਮਿਸ਼ਨਰ ਦਿਲਰਾਜ ਸਿੰਘ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਾਲੀ ਫੂਡ ਸੇਫ਼ਟੀ ਟੀਮ ਪਟਿਆਲਾ ਨੇ ਜ਼ਿਲ੍ਹੇ ਵਿੱਚ ਖਾਧ ਪਦਾਰਥਾਂ ਵਿੱਚ ਮਿਲਾਵਟ ਖੋਰੀ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ। ਹਾਲ ਹੀ ਵਿੱਚ 1380 ਕਿੱਲੋਗਰਾਮ ਨਕਲੀ ਪਨੀਰ ਜ਼ਬਤ ਕਰਨ ਅਤੇ ਨਸ਼ਟ ਕਰਨ ਤੋਂ ਬਾਅਦ ਵਿਭਾਗ ਨੇ ਹੁਣ ਰਾਜਪੁਰਾ ਵਿੱਚ ਇੱਕ ਮਸਾਲੇ ਬਣਾਉਣ ਵਾਲੀ ਇਕਾਈ ਤੋਂ ਲਗਭਗ 40 ਕੁਇੰਟਲ ਮਿਆਦ ਪੁੱਗੀ ਹਲਦੀ ਜ਼ਬਤ ਕੀਤੀ ਹੈ। ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਕਿਹਾ ਕਿ ਇਸ ਕਾਰਵਾਈ ਦੌਰਾਨ ਫੂਡ ਸੇਫ਼ਟੀ ਟੀਮ, ਪਟਿਆਲਾ ਵੱਲੋਂ ਵੱਖ-ਵੱਖ ਹੋਰ ਮਸਾਲਿਆਂ ਦੇ ਨਮੂਨੇ ਵੀ ਲਏ ਗਏ ਸਨ। ਉਨ੍ਹਾਂ ਕਿਹਾ ਕਿ ਫੂਡ ਸੇਫ਼ਟੀ ਟੀਮ ਨੇ ਵੱਖ-ਵੱਖ ਥਾਵਾਂ ਤੋਂ ਖਾਣ-ਪੀਣ ਦੀਆਂ ਵਸਤਾਂ ਦੇ ਲਗਪਗ 20 ਨਮੂਨੇ ਲਏ ਹਨ। ਇਸ ਤੋਂ ਇਲਾਵਾ ਚੱਲ ਰਹੇ ਨਿਗਰਾਨੀ ਯਤਨਾਂ ਦੇ ਹਿੱਸੇ ਵਜੋਂ ਪਾਨ ਮਸਾਲੇ ਵਿੱਚ ਨਿਕੋਟੀਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਇੱਕ ਨਿਗਰਾਨੀ ਮੁਹਿੰਮ ਵੀ ਚਲਾਈ ਗਈ ਹੈ। ਜ਼ਿਲ੍ਹਾ ਸਿਹਤ ਅਫ਼ਸਰ ਨੇ ਅੱਗੇ ਕਿਹਾ ਕਿ ਫੂਡ ਸੇਫ਼ਟੀ ਵਿਭਾਗ ਖਾਧ ਪਦਾਰਥਾਂ ਵਿੱਚ ਮਿਲਾਵਟ ਵਿਰੁੱਧ ਕਾਰਵਾਈ ਜਾਰੀ ਰੱਖੇਗਾ। ਡੀਐਚਓ ਨੇ ਕਿਹਾ ਕਿ ਮਿਲਾਵਟੀ ਜਾਂ ਅਸੁਰੱਖਿਅਤ ਭੋਜਨ ਉਤਪਾਦਾਂ ਦੇ ਨਿਰਮਾਣ ਜਾਂ ਵਿਕਰੀ ਵਿੱਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਿਆਦ ਪੁੱਗੀ ਹਲਦੀ ਜ਼ਬਤ ਕਰਦੇ ਹੋਏ ਅਧਿਕਾਰੀ। ਫ਼ੋਟੋ ਅਕੀਦਾ