ਸੰਗਰੂਰ ਵਾਲੀ ਕੋਠੀ: ਨਵੇਂ ਪ੍ਰਾਜੈਕਟ ਦਾ ਕੰਮ ਸ਼ੁਰੂ ਨਾ ਹੋਇਆ
ਬੀਰਬਲ ਰਿਸ਼ੀ
ਧੂਰੀ, 15 ਜੂਨ
ਇੱਥੇ ਸੰਗਰੂਰ ਵਾਲੀ ਕੋਠੀ ’ਚ ਉੱਸਰੀ ਇਮਾਰਤ ਦਾ ਭਾਵੇਂ ਵੱਡਾ ਹਿੱਸਾ ਅਸੁਰੱਖਿਅਤ ਕਰਾਰ ਦਿੱਤਾ ਹੋਇਆ ਹੈ ਪਰ ਇਸ ਕੋਠੀ ’ਚ ਸੰਭਾਵੀ ਨਵੇਂ ਪ੍ਰਾਜੈਕਟ ਦਾ ਕੰਮ ਹਾਲੇ ਠੰਢੇ ਬਸਤੇ ਹੀ ਹੈ। ਵਰਨਣਯੋਗ ਹੈ ਕਿ ਧੂਰੀ ਦੇ ਐਨ ਵਿਚਕਾਰ ਇਹ ਤਕਰੀਬਨ ਚਾਰ ਪੰਜ ਵਿੱਘੇ ਬੇਸ਼ੁਮਾਰ ਕੀਮਤੀ ਜਗ੍ਹਾ ਮੌਜੂਦ ਹੈ ਜਿਸ ਵਿੱਚ ਵੱਖ-ਵੱਖ ਸਰਕਾਰਾਂ ਦੇ ਕਾਰਜਕਾਲ ਦੌਰਾਨ ਕਈ ਅਹਿਮ ਪ੍ਰੋਜੈਕਟਾਂ ਸਬੰਧੀ ਤਜਵੀਜ਼ਾਂ ਤਾਂ ਬਣੀਆਂ ਪਰ ਸਿਰੇ ਨਹੀਂ ਚੜ੍ਹ ਸਕੀਆਂ।
ਜਾਣਕਾਰੀ ਅਨੁਸਾਰ ਧੂਰੀ ਦੀ ਪੁਰਾਣੀ ਦਾਣਾ ਮੰਡੀ ਅੰਦਰਲੀ ਉਕਤ ਜਗ੍ਹਾ ’ਚ ਇਮਾਰਤ ਦਾ ਵੱਡਾ ਹਿੱਸਾ ਡਿੱਗੂੰ-ਡਿੱਗੂੰ ਕਰਦਾ ਵਿਖਾਈ ਦੇ ਰਿਹਾ ਹੈ ਜਦੋਂ ਕਿ ਇਸੇ ਇਮਾਰਤ ਅੰਦਰ ਮੁਰੰਮਤ ਮਗਰੋਂ ਵਧੀਆ ਹਾਲਤ ’ਚ ਵਿਖਾਈ ਦਿੰਦੇ ਡੀਐਸਪੀ ਦਫ਼ਤਰ, ਸੀਆਈਡੀ ਦਫ਼ਤਰ ਅਤੇ ਪੈਨਸ਼ਨਰਜ਼ ਦਾ ਦਫ਼ਤਰ ਵੀ ਮੌਜੂਦ ਹੈ। ਧੂਰੀ ਦੇ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਦੱਸਿਆ ਕਿ ਇਹ ਜਗ੍ਹਾ ਲੋਕ ਨਿਰਮਾਣ ਵਿਭਾਗ ਦੀ ਹੈ ਜੋ ਇੱਕ ਮਤੇ ਰਾਹੀਂ 1960 ’ਚ ਮਾਰਕੀਟ ਕਮੇਟੀ ਧੂਰੀ ਨੂੰ ਲੀਜ਼ ’ਤੇ ਦਿੱਤੀ ਗਈ ਸੀ। ਸ੍ਰੀ ਖੰਗੂੜਾ ਨੇ ਦੱਸਿਆ ਕਿ ਇਸ ਜਗ੍ਹਾ ’ਤੇ ਮਿੰਨੀ ਸੈਕਟਰੀਏਟ ਬਣਾ ਕੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਇੱਕ ਥਾਂ ਇਕੱਠਾ ਕਰਨ ਦੀ ਤਜਵੀਜ਼ ਸੀ ਜਿਸ ਸਬੰਧੀ ਇਹ ਜਗ੍ਹਾ ਮਾਰਕੀਟ ਕਮੇਟੀ ਤੋਂ ਨਗਰ ਕੌਂਸਲ ਧੂਰੀ ਦੇ ਨਾਮ ਬਦਲਾਉਣ ਲਈ ਉਨ੍ਹਾਂ ਕਾਫ਼ੀ ਭੱਜ ਨੱਠ ਕੀਤੀ ਪਰ ਸਰਕਾਰ ਬਦਲ ਜਾਣ ਕਾਰਨ ਇਹ ਪ੍ਰੋਜੈਕਟ ਸਿਰੇ ਨਹੀਂ ਲੱਗ ਸਕਿਆ। ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਓਐਸਡੀ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਨੇ ਮਾਰਕੀਟ ਕਮੇਟੀ, ਨਗਰ ਕੌਂਸਲ, ਲੋਕ ਨਿਰਮਾਣ ਵਿਭਾਗ ਸਮੇਤ ਕੁੱਝ ਹੋਰ ਵਿਭਾਗਾਂ ਨਾਲ ਸਾਂਝੀ ਮੀਟਿੰਗ ਕਰਕੇ ਇਸ ਜਗ੍ਹਾ ’ਤੇ ਪਾਰਕਿੰਗ ਉੱਪਰ ਉਸਾਰੀ ਕਰਵਾ ਕੇ ਉਸ ਨੂੰ ਸੁਚੱਜੀ ਵਰਤੋਂ ’ਚ ਲਿਆਉਣ ਲਈ ਤਜਵੀਜ਼ ਲਿਆਂਦੀ ਪਰ ਉਨ੍ਹਾਂ ਨੂੰ ਅਚਾਨਕ ਹਟਾਉਣ ਨਾਲ ਇਹ ਪ੍ਰਾਜੈਕਟ ਵੀ ਸਿਰੇ ਨਾ ਚੜ੍ਹਿਆ। ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਇਸ ਜਗ੍ਹਾ ’ਤੇ ਸਰਕਾਰ ਵੱਲੋਂ ਪ੍ਰੋਜੈਕਟ ਲਿਆਉਣ ਦੀ ਤਜਵੀਜ਼ ਹੈ ਪਰ ਉਨ੍ਹਾਂ ਮੀਟਿੰਗ ਦਾ ਹਵਾਲਾ ਦੇ ਕੇ ਹੋਰ ਜਾਣਕਾਰੀ ਦੇਣ ਤੋਂ ਅਸਮਰੱਥਾ ਪ੍ਰਗਟਾਈ। ਲੋਕ ਨਿਰਮਾਣ ਵਿਭਾਗ ਦੇ ਐਸਡੀਓ ਮੁਨੀਸ਼ ਕੁਮਾਰ ਨੇ ਖਸਤਾ ਹਾਲਤ ਜਗ੍ਹਾ ਦਾ ਵੱਡਾ ਹਿੱਸਾ ਅਸੁਰੱਖਿਅਤ ਕਰਾਰ ਦੇਣ ਦੀ ਤਾਂ ਪੁਸ਼ਟੀ ਕੀਤੀ ਪਰ ਇਸ ਜਗ੍ਹਾ ’ਚ ਮੌਜੂਦ ਦਫ਼ਤਰਾਂ ਸਬੰਧੀ ਅਣਜਾਣਤਾ ਪ੍ਰਗਟਾਈ। ਮਾਰਕੀਟ ਕਮੇਟੀ ਧੂਰੀ ਦੇ ਸੈਕਟਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਜਗ੍ਹਾ ’ਤੇ ਮਲਟੀਸਟੋਰੀ ਪਾਰਕਿੰਗ ਤੇ ਸ਼ਾਪਿੰਗ ਕੰਪਲੈਕਸ ਲਈ ਹੋਈ ਮੀਟਿੰਗ ਦਾ ਉਹ ਹਿੱਸਾ ਸਨ ਅਤੇ ਉਸ ਸਮੇਂ ਕੁੱਝ ਵਿਭਾਗਾਂ ਤੋਂ ਐਨਓਸੀ ਵੀ ਲਏ ਸਨ ਪਰ ਉਸਤੋਂ ਬਾਅਦ ਇਹ ਮਾਮਲਾ ਕਿੱਥੇ ਪਹੁੰਚਿਆ ਇਸ ਦਾ ਉਨ੍ਹਾਂ ਨੂੰ ਪਤਾ ਨਹੀਂ।