ਵਕਫ਼ ਸੋਧ ਬਿੱਲ ਸੰਵਿਧਾਨ ’ਤੇ ਹਮਲਾ: ਸੋਨੀਆ
ਨਵੀਂ ਦਿੱਲੀ, 3 ਅਪਰੈਲ
ਕਾਂਗਰਸ ਪਾਰਲੀਮਾਨੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਵਕਫ਼ ਸੋਧ ਬਿੱਲ ਨੂੰ ਸੰਵਿਧਾਨ ’ਤੇ ਤਿੱਖਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਸਮਾਜ ਨੂੰ ਪੱਕੇ ਤੌਰ ’ਤੇ ਵੰਡ ਕੇ ਰੱਖਣ ਦੀ ਰਣਨੀਤੀ ਹੈ। ਇਥੇ ਸੰਵਿਧਾਨ ਸਦਨ ’ਚ ਕਾਂਗਰਸ ਸੰਸਦੀ ਪਾਰਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸੋਨੀਆ ਨੇ ਕਿਹਾ ਕਿ ‘ਇਕ ਦੇਸ਼, ਇਕ ਚੋਣ’ ਬਿੱਲ ਵੀ ਸੰਵਿਧਾਨ ਨੂੰ ਢਾਹ ਲਗਾਉਣ ਵਾਲਾ ਹੈ ਅਤੇ ਪਾਰਟੀ ਉਸ ਦਾ ਵੀ ਤਿੱਖਾ ਵਿਰੋਧ ਕਰੇਗੀ। ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਸੰਸਦ ਦੇ ਦੋਵੇਂ ਸਦਨਾਂ ’ਚ ਪਾਸ ਹੋ ਚੁੱਕਾ ਹੈ ਪਰ ਉਨ੍ਹਾਂ ਦੀ ਇਸ ਨੂੰ ਫੌਰੀ ਲਾਗੂ ਕਰਨ ਦੀ ਮੰਗ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਜਾਇਜ਼ ਗੱਲਾਂ ਲਈ ਡਟਣਾ ਚਾਹੀਦਾ ਹੈ ਅਤੇ ਮੋਦੀ ਸਰਕਾਰ ਦੀ ਨਾਕਾਮੀ ਤੇ ਭਾਰਤ ਨੂੰ ਸਰਵੇਲਾਂਸ ਮੁਲਕ ’ਚ ਤਬਦੀਲ ਕਰਨ ਇਰਾਦੇ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ। ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੀ ਹਾਜ਼ਰ ਸਨ। ਸੋਨੀਆ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਸੰਸਦ ਦੇ ਦੋਵੇਂ ਸਦਨਾਂ ’ਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਭਾਜਪਾ ਮੈਂਬਰਾਂ ਵੱਲੋਂ ਕਾਂਗਰਸ ਸ਼ਾਸਿਤ ਸੂਬਾ ਸਰਕਾਰਾਂ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਸੋਨੀਆ ਗਾਂਧੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਆਖਿਆ ਕਿ ਉਹ ਵੀ ਪੂਰੇ ਜ਼ੋਰ-ਸ਼ੋਰ ਨਾਲ ਭਾਜਪਾ ਸ਼ਾਸਿਤ ਸੂਬਿਆਂ ਦੀਆਂ ਨਾਕਾਮੀਆਂ ਦਾ ਮੁੱਦਾ ਚੁੱਕਣ। ਉਨ੍ਹਾਂ ਸੰਸਦ ਮੈਂਬਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਚੀਨ, ਆਰਟੀਆਈ, ਮਗਨਰੇਗਾ, ਜੰਗਲਾਤ ਅਧਿਕਾਰ ਐਕਟ ਅਤੇ ਜ਼ਮੀਨ ਐਕੁਆਇਰ ਸਬੰਧੀ ਐਕਟ ਜਿਹੇ ਮੁੱਦਿਆਂ ਦੀ ਆਵਾਜ਼ ਸੰਸਦ ਦੇ ਬਾਹਰ ਬੁਲੰਦ ਕਰਨ। -ਪੀਟੀਆਈ