ਭਾਜਪਾ ਸਥਾਪਨਾ ਦਿਵਸ: ‘ਕਮਲ’ ਲੋਕਾਂ ਦੇ ਦਿਲਾਂ ’ਚ ਭਰੋਸੇ ਤੇ ਉਮੀਦ ਦਾ ਨਵਾਂ ਪ੍ਰਤੀਕ ਬਣਿਆ: ਸ਼ਾਹ
ਅਹਿਮਦਾਬਾਦ, 6 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਾਜਪਾ ਦੇ 46ਵੇਂ ਸਥਾਪਨਾ ਦਿਵਸ ’ਤੇ ਅਹਿਮਦਾਬਾਦ ਵਿੱਚ ਭਾਰਤੀ ਜਨ ਸੰਘ (ਬੀਜੇਐੱਸ) ਦੇ ਸੰਸਥਾਪਕਾਂ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਦੀਨਦਿਆਲ ਉਪਾਧਿਆਏ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਾਹ ਦੇ ਨਾਲ ਉਨ੍ਹਾਂ ਦੀ ਪਤਨੀ ਸੋਨਲ ਸ਼ਾਹ ਵੀ ਮੌਜੂਦ ਸਨ। ਭਾਜਪਾ ਨੂੰ ਪਹਿਲਾਂ ਜਨਸੰਘ ਵਜੋਂ ਜਾਣਿਆ ਜਾਂਦਾ ਸੀ। ਜਨਸੰਘ ਦੀ ਸ਼ੁਰੂਆਤ 1950 ਵਿੱਚ ਸਾਬਕਾ ਕੇਂਦਰੀ ਮੰਤਰੀ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਦੀਨ ਦਿਆਲ ਉਪਾਧਿਆਏ ਨੇ ਕੀਤੀ ਸੀ ਅਤੇ ਇਨ੍ਹਾਂ ਨੇ ਹੀ ਪਾਰਟੀ ਦੀ ਵਿਚਾਰਧਾਰਾ ਦੀ ਨੀਂਹ ਰੱਖੀ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਪਾਰਟੀ ਵਰਕਰਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਕਿਵੇਂ ਕਮਲ ਦਾ ਨਿਸ਼ਾਨ ਦੇਸ਼ ਵਾਸੀਆਂ ਦੇ ਦਿਲਾਂ ’ਚ ਭਰੋਸੇ ਅਤੇ ਉਮੀਦ ਦਾ ਨਵਾਂ ਪ੍ਰਤੀਕ ਬਣ ਗਿਆ ਹੈ। ਸ਼ਾਹ ਨੇ ਐਕਸ ’ਤੇ ਕਿਹਾ, ‘ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕਮਲ ਦਾ ਨਿਸ਼ਾਨ ਦੇਸ਼ ਵਾਸੀਆਂ ਦੇ ਦਿਲਾਂ ਵਿੱਚ ਵਿਸ਼ਵਾਸ ਅਤੇ ਉਮੀਦ ਦਾ ਨਵਾਂ ਪ੍ਰਤੀਕ ਬਣ ਗਿਆ ਹੈ। ਪਿਛਲੇ ਦਹਾਕੇ ਵਿੱਚ ਭਾਜਪਾ ਵੱਲੋਂ ਸੇਵਾ, ਸੁਰੱਖਿਆ ਅਤੇ ਸੱਭਿਆਚਾਰਕ ਜਾਗਰੂਕਤਾ ਲਈ ਕੀਤੇ ਗਏ ਕੰਮ ਆਉਣ ਵਾਲੇ ਦਿਨਾਂ ਵਿੱਚ ਮੀਲ ਪੱਥਰ ਬਣ ਜਾਣਗੇ। ਭਾਜਪਾ ਦੇ ਕਰੋੜਾਂ ਵਰਕਰ ਵਿਚਾਰਧਾਰਕ ਵਚਨਬੱਧਤਾ ਦਾ ਪਾਲਣ ਕਰਦਿਆਂ ਰਾਸ਼ਟਰ ਨਿਰਮਾਣ ’ਚ ਆਪਣਾ ਯੋਗਦਾਨ ਦਿੰਦੇ ਰਹਿਣਗੇ।’ 1977 ਵਿੱਚ ਐਮਰਜੈਂਸੀ ਖਤਮ ਹੋਣ ਤੋਂ ਬਾਅਦ ਕਾਂਗਰਸ ਨੂੰ ਹਰਾਉਣ ਦੇ ਉਦੇਸ਼ ਨਾਲ ਜਨਸੰਘ ਦਾ ਜਨਤਾ ਪਾਰਟੀ ਵਿੱਚ ਰਲੇਵਾਂ ਹੋ ਗਿਆ ਸੀ। ਬਾਅਦ ਵਿੱਚ ਆਰਐੱਸਐੱਸ ਮੈਂਬਰਾਂ ਅਤੇ ਜਨਸੰਘ ਵਿਚਾਲੇ ‘ਦੋਹਰੀ ਮੈਂਬਰਸ਼ਿਪ’ ਦਾ ਸਵਾਲ ਉੱਠਿਆ, ਜਿਸ ਵਿੱਚ ਜਨਸੰਘ ਦੇ ਮੈਂਬਰਾਂ ਨੂੰ ਜਾਂ ਤਾਂ ਜਨਤਾ ਪਾਰਟੀ ਛੱਡਣ ਜਾਂ ਆਰਐੱਸਐੱਸ ਦੀ ਮੈਂਬਰਸ਼ਿਪ ਛੱਡਣ ਲਈ ਕਿਹਾ ਗਿਆ। ਇਸ ਮਗਰੋਂ ਜਨਸੰਘ ਦੇ ਮੈਂਬਰਾਂ ਨੇ ਜਨਤਾ ਪਾਰਟੀ ਛੱਡ ਦਿੱਤੀ ਅਤੇ 6 ਅਪਰੈਲ 1980 ਨੂੰ ਅਧਿਕਾਰਤ ਤੌਰ ’ਤੇ ਭਾਜਪਾ ਦੀ ਸਥਾਪਨਾ ਕੀਤੀ। ਭਾਜਪਾ ਦੇ ਗਠਨ ਤੋਂ ਬਾਅਦ ਨਰਿੰਦਰ ਮੋਦੀ ਅਤੇ ਅਟਲ ਬਿਹਾਰੀ ਵਾਜਪਾਈ ਦੇ ਰੂਪ ਵਿੱਚ ਪਾਰਟੀ ਦੇ ਦੋ ਪ੍ਰਧਾਨ ਮੰਤਰੀ ਰਹੇ। ਇਸੇ ਤਰ੍ਹਾਂ ਸ੍ਰੀਨਗਰ ਵਿੱਚ ਭਾਜਪਾ ਨੇ ਕੇਂਦਰੀ ਮੰਤਰੀ ਜੌਰਜ ਕੁਰੀਅਨ ਦੀ ਅਗਵਾਈ ਹੇਠ ਜਵਾਹਰ ਨਗਰ ਵਿੱਚ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ। ਇਸ ਦੌਰਾਨ ਕੇਂਦਰੀ ਮੰਤਰੀ ਨੇ ਕਸ਼ਮੀਰ ਵਿੱਚ ਭਾਜਪਾ ਵਰਕਰਾਂ ਦੀ ਸਮਰਪਣ ਭਾਵਨਾ ਦੀ ਸ਼ਲਾਘਾ ਕੀਤੀ। -ਏਐੱਨਆਈ/ਪੀਟੀਆਈ