ਰਣਦੀਪ ਹੁੱਡਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ
ਨਵੀਂ ਦਿੱਲੀ:
ਅਦਾਕਾਰ ਰਣਦੀਪ ਹੁੱਡਾ ਆਪਣੇ ਪਰਿਵਾਰ ਸਮੇਤ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ। ਪ੍ਰਧਾਨ ਮੰਤਰੀ ਨੂੰ ਮਿਲਣ ਤੋਂ ਬਾਅਦ ਫਿਲਮ ‘ਜਾਟ’ ਦੇ ਕਲਾਕਾਰ 48 ਸਾਲਾ ਰਣਦੀਪ ਹੁੱਡਾ ਨੇ ਕਿਹਾ ਕਿ ਸ੍ਰੀ ਮੋਦੀ ਨੂੰ ਮਿਲਣਾ ਉਨ੍ਹਾਂ ਲਈ ‘ਵੱਡਾ ਸੁਭਾਗ ਅਤੇ ਸਨਮਾਨ’ ਸੀ। ਉਸ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਪ੍ਰਧਾਨ ਮੰਤਰੀ ਨਾਲ ਤਸਵੀਰਾਂ ਦੀ ਲੜੀ ਸਾਂਝੀ ਕੀਤੀ। ਇਸ ਮੌਕੇ ਹੁੱਡਾ ਦੀ ਮਾਂ ਆਸ਼ਾ ਹੁੱਡਾ ਅਤੇ ਭੈਣ ਅੰਜਲੀ ਹੁੱਡਾ ਵੀ ਮੌਜੂਦ ਸਨ। ਤਸਵੀਰਾਂ ਸਾਂਝੀਆਂ ਕਰਦਿਆਂ ਹੁੱਡਾ ਨੇ ਕੈਪਸ਼ਨ ’ਚ ਲਿਖਿਆ ਕਿ ਭਾਰਤ ਦੇ ਭਵਿੱਖ ਬਾਰੇ ਨਰਿੰਦਰ ਮੋਦੀ ਦੀ ਸੂਝ, ਸਿਆਣਪ ਅਤੇ ਵਿਚਾਰ ਹਮੇਸ਼ਾ ਬਹੁਤ ਪ੍ਰੇਰਨਾਦਾਇਕ ਰਹੇ ਹਨ। ਉਨ੍ਹਾਂ ਵੱਲੋਂ ਉਸ (ਹੁੱਡਾ) ਦੀ ਪਿੱਠ ਥਪਥਪਾਉਣਾ ਉਸ ਲਈ ਚੰਗਾ ਕੰਮ ਕਰਦੇ ਰਹਿਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਬਹੁਤ ਵੱਡਾ ਉਤਸ਼ਾਹ ਹੈ। ਹੁੱਡਾ ਨੇ ਕਿਹਾ ਕਿ ਇਸ ਮੌਕੇ ਪ੍ਰਧਾਨ ਮੰਤਰੀ ਨਾਲ ਭਾਰਤੀ ਸਿਨੇਮਾ ਦੇ ਵਿਸ਼ਵਵਿਆਪੀ ਉਭਾਰ ਬਾਰੇ ਗੱਲਬਾਤ ਹੋਈ। ਉਨ੍ਹਾਂ 1 ਤੋਂ 4 ਮਈ ਵਿਚਕਾਰ ਮੁੰਬਈ ਵਿੱਚ ਹੋਣ ਵਾਲੇ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਜ਼) ਬਾਰੇ ਵੀ ਚਰਚਾ ਕੀਤੀ। ਹੁੱਡਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਸ ਮੌਕੇ, ‘‘ਮੇਰੀ ਮਾਂ ਆਸ਼ਾ ਹੁੱਡਾ ਅਤੇ ਭੈਣ ਡਾ. ਅੰਜਲੀ ਹੁੱਡਾ ਦਾ ਸ਼ਾਮਲ ਹੋਣਾ ਮਾਣਮੱਤਾ ਪਲ ਸੀ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਮੋਟਾਪੇ ਵਿਰੁੱਧ ਮੁਹਿੰਮ ਅਤੇ ਸੰਪੂਰਨ ਤੰਦਰੁਸਤੀ ਦੀਆਂ ਪਹਿਲਕਦਮੀਆਂ ’ਤੇ ਵਿਚਾਰ ਸਾਂਝੇ ਕੀਤੇ। -ਪੀਟੀਆਈ