ਯਮੁਨਾਨਗਰ ਵਾਸੀਆਂ ਵੱਲੋਂ ਕਸ਼ਿਸ਼ ਦਾ ਸਨਮਾਨ
ਪੱਤਰ ਪ੍ਰੇਰਕ
ਯਮੁਨਾ ਨਗਰ, 27 ਅਪਰੈਲ
ਇਥੋਂ ਦੇ ਫਾਇਰ ਬ੍ਰਿਗੇਡ ਅਧਿਕਾਰੀ ਗੁਲਸ਼ਨ ਕਾਲੜਾ ਦੀ ਧੀ ਕਸ਼ਿਸ਼ ਕਾਲੜਾ ਨੂੰ ਯੂਪੀਐੱਸਸੀ ਵਿੱਚ 111ਵਾਂ ਰੈਂਕ ਹਾਸਲ ਕਰਨ ’ਤੇ ਜਿਮਖਾਨਾ ਕਲੱਬ ਵਿੱਚ ਸ਼ਹਿਰ ਵਾਸੀਆਂ ਨੇ ਸਨਮਾਨਤ ਕੀਤਾ । ਕਸ਼ਿਸ਼ ਨੇ ਆਪਣੀ 10ਵੀਂ ਜਮਾਤ ਸੈਕਰਡ ਹਾਰਟ ਕਾਨਵੈਂਟ ਸਕੂਲ, ਯਮੁਨਾਨਗਰ ਤੋਂ ਕੀਤੀ, ਜਦੋਂ ਕਿ ਉਸ ਨੇ ਡੀਪੀਐੱਸ ਆਰਕੇ ਪੁਰਮ ਦਿੱਲੀ ਤੋਂ 12ਵੀਂ ਕੀਤੀ ਅਤੇ ਇਸ ਤੋਂ ਬਾਅਦ ਗ੍ਰੈਜੂਏਸ਼ਨ ਲੇਡੀ ਸ੍ਰੀ ਰਾਮ ਕਾਲਜ ਵਿੱਚ ਕੀਤੀ। ਕਸ਼ਿਸ਼ ਨੇ ਦੂਜੀ ਕੋਸ਼ਿਸ਼ ਵਿੱਚ ਇਹ ਰੈਂਕ ਹਾਸਲ ਕੀਤਾ ਹੈ । ਕਸ਼ਿਸ਼ ਦੀ ਮਾਂ ਕਵਿਤਾ ਅਤੇ ਪਿਤਾ ਗੁਲਸ਼ਨ ਕਾਲੜਾ ਨੇ ਦੱਸਿਆ ਕਿ ਹੋਣਹਾਰ ਕਸ਼ਿਸ਼ ਨੇ 10ਵੀਂ ਜਮਾਤ ਵਿੱਚ ਸਕੂਲ ਵਿੱਚੋਂ ਟਾਪ ਕੀਤਾ ਸੀ । ਇਸੇ ਤਰ੍ਹਾਂ, ਉਹ 12ਵੀਂ ਜਮਾਤ ਵਿੱਚ ਵੀ ਪਹਿਲੇ ਸਥਾਨ ‘ਤੇ ਰਹੀ ।
ਯਮੁਨਾਨਗਰ ਦਾ ਰਹਿਣ ਵਾਲਾ ਕਾਲੜਾ ਪਰਿਵਾਰ ਅੱਜ ਯਮੁਨਾਨਗਰ ਪਹੁੰਚਿਆ, ਜਿੱਥੇ ਉਸ ਦੇ ਪਰਿਵਾਰਕ ਮੈਂਬਰਾਂ, ਸਮਾਜਿਕ ਸੰਗਠਨਾਂ ਅਤੇ ਦੋਸਤਾਂ ਨੇ ਕਸ਼ਿਸ਼ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ‘ਤੇ, ਜਿੱਥੇ ਕਸ਼ਿਸ਼ ਨੇ ਆਪਣੀ ਸਫਲਤਾ ਦਾ ਸਿਹਰਾ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ ਅਤੇ ਵਿਦਿਆਰਥੀਆਂ ਲਈ ਸਫਲਤਾ ਦੇ ਟਿਪਸ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਉਸ ਨੇ ਲਗਾਤਾਰ ਟੀਚੇ ਨਿਰਧਾਰਤ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਸ਼ੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ। ਇਸ ਦੌਰਾਨ ਕਸ਼ਿਸ਼ ਦੇ ਪਿਤਾ ਗੁਲਸ਼ਨ ਕਾਲੜਾ, ਮਾਤਾ ਕਵਿਤਾ ਕਾਲੜਾ, ਰਿਸ਼ਤੇਦਾਰ ਰਮੇਸ਼ ਮਹਿਤਾ, ਨਰੇਸ਼ ਉੱਪਲ, ਕਾਂਗਰਸੀ ਆਗੂ ਰਮਨ ਤਿਆਗੀ ਅਤੇ ਡੀਆਈਪੀਆਰਓ ਡਾ. ਮਨੋਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਸ਼ਿਸ਼ ਦੀ ਸਫਲਤਾ ’ਤੇ ਮਾਣ ਹੈ।