ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ’ਚ ‘ਪੰਜਾਬੀ ਭਾਸ਼ਾ’ ਸਬੰਧੀ ਮੁਕਾਬਲੇ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਮਈ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਵਿਖੇ ਪੰਜਾਬੀ ਪ੍ਰਚਾਰਨੀ ਸਭਾ ਦਿੱਲੀ ਵੱਲੋਂ ਵਿਦਿਆਰਥੀਆਂ ਲਈ ‘ਪੰਜਾਬੀ ਭਾਸ਼ਾ ਮੁਕਾਬਲੇ’ ਤਹਿਤ ਸਮਾਗਮ ਕਰਵਾਇਆ ਗਿਆ। ਮੁਕਾਬਲਿਆਂ ਵਿੱਚ ‘ਮੈਂ ਪੰਜਾਬੀ ਕਿਉਂ ਪੜ੍ਹਾਂ?’, ‘ਬੁੱਝੋ ਤੇ ਜਾਣੋ’, ‘ਮੂੰਹ ਜ਼ਬਾਨੀ ਪੈਂਤੀ ਅੱਖਰੀ ਸੁਣਾਉਣਾ’, ‘ਕਵਿਤਾ ਪਾਠ’, ‘ਭਾਸ਼ਣ ਕਲਾ’ ਦੇ ਨਾਲ-ਨਾਲ ‘ਰੈਪਿਡ ਫਾਇਰ’ ਆਦਿ ਗਤੀਵਿਧੀਆਂ ਕਰਾਈਆਂ ਗਈਆਂ। ਸਕੂਲ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਸੀਨੀਅਰ ਵਾਈਸ ਚੇਅਰਮੈਨ ਦਲਵਿੰਦਰ ਸਿੰਘ ਤੇ ਪ੍ਰਿੰਸੀਪਲ ਭੁਪਿੰਦਰਜੀਤ ਸਿੰਘ ਗੁਲਸ਼ਨ ਨੇ ਪ੍ਰਚਾਰਨੀ ਸਭਾ ਦੇ ਸਮੂਹ ਅਹੁਦੇਦਾਰਾਂ ਭਾਈ ਮਨਿੰਦਰਪਾਲ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਸਾਬਕਾ ਵਾਈਸ ਪ੍ਰਿੰਸੀਪਲ ਪ੍ਰੋ. ਹਰਮਹਿੰਦਰ ਸਿੰਘ, ਨਿਰਭੈ ਨਰੂਲਾ, ਬੀਬੀ ਜੋਗਿੰਦਰ ਕੌਰ, ਬੀਬੀ ਇੰਦਰਜੀਤ ਕੌਰ, ਡਾ. ਇਕਬਾਲ ਕੌਰ ਦਾ ਸਵਾਗਤ ਕੀਤਾ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਮੁਕਾਬਲੇ ’ਚ ਹਿੱਸਾ ਲਿਆ। ਪ੍ਰਿੰ. ਭੁਪਿੰਦਰਜੀਤ ਸਿੰਘ ਗੁਲਸ਼ਨ ਹੋਰਾਂ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਤੇ ਪੰਜਾਬੀ ਭਾਸ਼ਾ ਨਾਲ ਜੋੜਨਾ ਹੈ, ਇਸ ਲਈ ਅਜਿਹੇ ਮੁਕਾਬਲੇ ਸਕੂਲ ਪੱਧਰ ’ਤੇ ਕਰਵਾਏ ਜਾਂਦੇ ਹਨ। ਪਰਵਿੰਦਰ ਸਿੰਘ ਲੱਕੀ ਨੇ ਕਿਹਾ ਕਿ ‘ਮਾਂ-ਬੋਲੀ ਪੰਜਾਬੀ’ ਨਾਲ ਜੋੜਨ ਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਨੂੰ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲਦਾ ਹੈ। ਭਾਈ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਸਕੂਲ ਇੱਕ ਅਜਿਹਾ ਪਲੈਟਫਾਰਮ ਹੁੰਦਾ ਹੈ ਜਿੱਥੇ ਵਿਦਿਆਰਥੀ ਪੰਜਾਬੀ ਭਾਸ਼ਾ ਨਾਲ ਸਹਿਜੇ ਹੀ ਜੁੜ ਸਕਦਾ ਹੈ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਪੰਜਾਬੀ ਪ੍ਰਚਾਰਨੀ ਸਭਾ ਵੱਲੋਂ ਨਕਦ ਇਨਾਮ, ਗਿਫ਼ਟ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ।