ਕੁਰੂਕਸ਼ੇਤਰ ’ਚ ਸਥਾਪਤ ਹੋਵੇਗੀ ਸੂਰਜਮੁਖੀ ਆਇਲ ਮਿੱਲ: ਰਾਣਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਮਈ
ਹਰਿਆਣਾ ਦੇ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਹੈ ਕਿ ਸੂਬੇ ਵਿਚ ਸੂਰਜਮੁਖੀ ਸਭ ਤੋਂ ਵੱਧ ਪੈਦਾਵਾਰ ਸ਼ਾਹਬਾਦ ਖੇਤਰ ਵਿਚ ਹੁੰਦੀ ਹੈ, ਜਿਸ ਦੇ ਮੱਦੇਨਜ਼ਰ ਕੁਰੂਕਸ਼ੇਤਰ ਵਿਚ ਸੂਰਜਮੁਖੀ ਆਇਲ ਮਿੱਲ ਸਥਾਪਤ ਕੀਤੀ ਜਾਏਗੀ। ਉਹ ਸ਼ਾਹਬਾਦ ਦੀ ਅਨਾਜ ਮੰਡੀ ਵਿਚ ਸਵੈ-ਸਹਾਇਤਾ ਸਮੂਹ ਦੇ ਕਾਰਕੁਨਾਂ ਵਲੋਂ ਚਲਾਈ ਜਾਣ ਵਾਲੀ ਅਟਲ ਕਿਸਾਨ ਮਜ਼ਦੂਰ ਕੰਟੀਨ ਦਾ ਉਦਘਾਟਨ ਮੌਕੇ ਬੋਲ ਰਹੇ ਸਨ। ਇਸ ਮੌਕੇ ਉਨ੍ਹਾਂ ਨੇ ਕੰਟੀਨ ਤੋਂ 10 ਰੁਪਏ ਦੀ ਥਾਲੀ ਲੈ ਕੇ ਖਾਣਾ ਵੀ ਖਾਧਾ।
ਖੇਤੀ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਲਈ ਕਈ ਭਲਾਈ ਸਕੀਮਾਂ ਲਾਗੂ ਕੀਤੀਆਂ ਹਨ, ਜੋ ਕਿਸਾਨਾਂ ਦੀ ਤਰੱਕੀ ਵਿਚ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੁਦਰਤੀ ਖੇਤੀ ਅਪਨਾ ਕੇ ਕਿਸਾਨ ਆਪਣੇ ਸੁਆਸਥ, ਭੂਮੀ ਵਾਤਾਵਰਨ ਤੇ ਸਮਾਜ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ। ਇਸ ਦੌਰਾਨ ਉਨਾਂ ਨੇ ਹਰਿਆਣਾ ਮਾਰਕੀਟਿੰਗ ਬੋਰਡ ਵਲੋਂ ਅਨਾਜ ਮੰਡੀ ਤੇ ਸਬਜ਼ੀ ਮੰਡੀ ਦੀਆਂ ਸੜਕਾਂ ਦੀ 3.74 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੀ ਮੁਰੰਮਤ ਦਾ ਨੀਂਹ ਪੱਥਰ ਵੀ ਰਖਿਆ। ਉਨ੍ਹਾਂ ਕਿਹਾ ਕਿ 15 ਜੂਨ ਤੱਕ ਸਾਰੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਖੇਤੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਘਰ ਵਿਚ ਵਰਤਣ ਵਾਲਾ ਅਨਾਜ ਕੁਦਰਤੀ ਖੇਤੀ ਰਾਹੀਂ ਤਿਆਰ ਕਰਨਾ ਚਾਹੀਦਾ ਹੈ।