ਮੋਦੀ ਯਮੁਨਾਨਗਰ ’ਚ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖਣਗੇ
ਦਵਿੰਦਰ ਸਿੰਘ
ਯਮੁਨਾਨਗਰ, 3 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪਰੈਲ ਨੂੰ ਡਾ. ਅੰਬੇਡਕਰ ਜੈਅੰਤੀ ਮੌਕੇ 800 ਮੈਗਾਵਾਟ ਥਰਮਲ ਪਲਾਂਟ ਯੂਨਿਟ ਦੇ ਰੂਪ ਵਿੱਚ ਯਮੁਨਾਨਗਰ ਨੂੰ ਇੱਕ ਵੱਡਾ ਤੋਹਫ਼ਾ ਦੇਣ ਲਈ ਆ ਰਹੇ ਹਨ। ਇਸ ਸਬੰਧੀ ਹਰਿਆਣਾ ਦੇ ਪੰਚਾਇਤ ਤੇ ਖਣਨ ਵਿਭਾਗ ਦੇ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਬੈਠਕ ਦੀ ਪ੍ਰਧਾਨਗੀ ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਧਰਮ ਸਿੰਘ ਮੱਟੂ ਨੇ ਕੀਤੀ। ਬੈਠਕ ਵਿੱਚ ਪਹੁੰਚਣ ’ਤੇ ਐੱਸਸੀ ਮੋਰਚਾ ਦੇ ਅਹੁਦੇਦਾਰਾਂ ਅਤੇ ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਨੇ ਪੰਚਾਇਤ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ 14 ਅਪਰੈਲ ਨੂੰ ਯਮੁਨਾਨਗਰ ਵਿੱਚ ਇੱਕ ਇਤਿਹਾਸਕ ਰੈਲੀ ਕੀਤੀ ਜਾਵੇਗੀ ਅਤੇ ਇਸ ਮੈਗਾ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਮੁਨਾਨਗਰ ਵਿੱਚ ਸਥਾਪਤ ਹੋਣ ਵਾਲੇ 800 ਮੈਗਾਵਾਟ ਥਰਮਲ ਪਲਾਂਟ ਦਾ ਨੀਂਹ ਪੱਥਰ ਵੀ ਰੱਖਣਗੇ। ਉਨ੍ਹਾਂ ਕਿਹਾ ਕਿ ਯਮੁਨਾਨਗਰ ਵਿੱਚ 800 ਮੈਗਾਵਾਟ ਦੇ ਥਰਮਲ ਪਲਾਂਟ ਦੀ ਸਥਾਪਨਾ ਨਾਲ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਸੀਨੀਅਰ ਭਾਜਪਾ ਆਗੂ ਵੀ ਰੈਲੀ ਨੂੰ ਸੰਬੋਧਨ ਕਰਨਗੇ। ਬੈਠਕ ਵਿੱਚ ਉਨ੍ਹਾਂ ਐੱਸਸੀ ਮੋਰਚਾ ਦੇ ਸਾਰੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਰੈਲੀ ਨੂੰ ਇਤਿਹਾਸਕ ਅਤੇ ਸ਼ਾਨਦਾਰ ਬਣਾਉਣ ਲਈ ਸਾਰਿਆਂ ਦਾ ਆਪਸੀ ਤਾਲਮੇਲ ਜ਼ਰੂਰੀ ਹੈ। ਇਸ ਮੌਕੇ ਆਯੂਸ਼ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਸਤਪਾਲ ਬਾਹਮਣੀ, ਸੁੰਦਰ ਲਾਲ, ਰਾਮੇਸ਼ਵਰ ਚੌਹਾਨ, ਜੰਗਸ਼ੇਰ ਸਿੰਘ, ਅੰਬੇਡਕਰ ਸਭਾਵਾਂ ਦੇ ਅਹੁਦੇਦਾਰ ਤੇ ਭਾਜਪਾ ਵਰਕਰ ਹਾਜ਼ਰ ਸਨ।