ਮੈਂ ਅਤੇ ਮਿਸਿਜ਼ ਸੰਧੂ
ਕਹਾਣੀ

ਜਸਬੀਰ ਸਿੰਘ ਆਹਲੂਵਾਲੀਆ
ਮੈਂ ਹਮੇਸ਼ਾਂ ਉਸ ਨੂੰ ਮਿਸਿਜ਼ ਸੰਧੂ ਕਹਿ ਕੇ ਬੁਲਾਉਂਦਾ ਸਾਂ ਤੇ ਅੱਜ ਵੀ ਮਿਸਿਜ਼ ਸੰਧੂ ਹੀ ਕਹਿ ਕੇ ਬੁਲਾਉਂਦਾ ਹਾਂ। ਇੱਕ ਸਰੂ ਵਰਗੀ ਲੰਮੀ ਉੱਚੀ ਤੇ ਪਤਲੀ ਜਿਹੀ ਬਹੁਤ ਹੀ ਖ਼ੂਬਸੂਰਤ ਮੁਟਿਆਰ। ਸ਼ਕਲੋਂ ਸੱਠ-ਪੈਂਹਠ ਦੇ ਨੇੜੇ ਤੇੜੇ ਜਾਪਦੀ ਸੀ। ਕਦੇ ਕਦੇ ਕਿਸੇ ਪਾਰਟੀ ਵਿੱਚ ਮਿਲ ਜਾਂਦੀ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਦਿਖਾਈ ਦੇ ਜਾਂਦੀ ਸੀ। ਸਾਰੇ ਹੀ ਉਸ ਨੂੰ ਬਹੁਤ ਸਤਿਕਾਰ ਨਾਲ ਮਿਸਿਜ਼ ਸੰਧੂ ਕਹਿ ਕੇ ਬੁਲਾਉਂਦੇ ਸਨ। ਜੇ ਕੋਈ ਉਸ ਨੂੰ ਉਸ ਦਾ ਅਸਲੀ ਨਾਮ ਪੁੱਛ ਵੀ ਲੈਂਦਾ ਤਾਂ ਉਹ ਕਹਿੰਦੀ, ‘‘ਮਿਸਿਜ਼ ਸੰਧੂ ਹੀ ਮੇਰਾ ਅਸਲੀ ਨਾਮ ਹੈ ਤੇ ਮੈਂ ਪਸੰਦ ਵੀ ਕਰਾਂਗੀ ਕਿ ਹਰ ਕੋਈ ਮੈਨੂੰ ਮਿਸਿਜ਼ ਸੰਧੂ ਕਹਿ ਕੇ ਬੁਲਾਏ।’’ ਤੇ ਸਾਰੇ ਉਸ ਨੂੰ ਮਿਸਿਜ਼ ਸੰਧੂ ਕਹਿ ਕੇ ਬੁਲਾਉਂਦੇ। ਕੁਝ ਕੁ ਨੇੜੇ ਦੇ ਦੋਸਤਾਂ ਨੂੰ ਪਤਾ ਸੀ ਕਿ ਉਸ ਦਾ ਅਸਲੀ ਨਾਮ ਕੀ ਹੈ, ਪਰ ਉਹ ਵੀ ਕਿਸੇ ਨੂੰ ਨਹੀਂ ਸਨ ਦੱਸਦੇ। ਜਿਸ ਨੂੰ ਪਤਾ ਸੀ, ਉਸ ਨੂੰ ਪਤਾ ਸੀ ਅਤੇ ਜਿਸ ਨੂੰ ਨਹੀਂ ਪਤਾ ਸੀ, ਉਸ ਨੂੰ ਨਹੀਂ ਪਤਾ ਸੀ। ਬਸ ਸਾਰੇ ਉਸ ਨੂੰ ਮਿਸਿਜ਼ ਸੰਧੂ ਕਹਿ ਕੇ ਬੁਲਾਉਂਦੇ।
ਇੱਕ ਪਾਰਟੀ ਚੱਲ ਰਹੀ ਸੀ। ਮੇਰਾ ਇੱਕ ਦੋਸਤ ਆਪਣਾ ਸੱਠਵਾਂ ਜਨਮ ਦਿਨ ਮਨਾ ਰਿਹਾ ਸੀ। ਇਸ ਲਈ ਉਸ ਪਾਰਟੀ ਵਿੱਚ ਜਵਾਨ ਮੁੰਡੇ-ਕੁੜੀਆਂ ਬਹੁਤ ਘੱਟ ਸਨ। ਜ਼ਿਆਦਾ ਵੱਡੀ ਉਮਰ ਵਾਲੇ ਹੀ ਸਨ। ਸੰਗੀਤ ਵੱਜ ਰਿਹਾ ਸੀ। ਜੋੜੇ ਨੱਚ ਰਹੇ ਸਨ। ਮੈਂ ਪਿੱਛੇ ਜਿਹੇ ਕੰਧ ਨਾਲ ਲੱਗੀਆਂ ਕੁਰਸੀਆਂ ਵਿੱਚੋਂ ਇੱਕ ਕੁਰਸੀ ’ਤੇ ਬੈਠ ਗਿਆ। ਮੈਂ ਦੇਖਿਆ ਮੇਰੇ ਨਾਲ ਦੀ ਕੁਰਸੀ ’ਤੇ ਮਿਸਿਜ਼ ਸੰਧੂ ਆ ਕੇ ਬੈਠ ਗਈ ਸੀ। ਮਿਊਜ਼ਿਕ ਚੱਲ ਰਿਹਾ ਸੀ। ਜੋੜੇ ਨੱਚ ਰਹੇ ਸਨ। ਮਿਸਿਜ਼ ਸੰਧੂ ਨੇ ਮੈਨੂੰ ਪੁੱਛਿਆ, ‘‘ਤੁਸੀਂ ਨੱਚ ਨਹੀਂ ਰਹੇ। ਤੁਹਾਡੀ ਪਤਨੀ ਨਹੀਂ ਆਈ ਤੁਹਾਡੇ ਨਾਲ?’’ ਮੈਂ ਹੌਲੀ ਜਿਹੀ ਕਿਹਾ, ‘‘ਨਹੀਂ, ਮੇਰੀ ਪਤਨੀ ਨਹੀਂ ਹੈ। ਮੈਂ ਸਿੰਗਲ ਹੀ ਹਾਂ।’’
ਮਿਸਿਜ਼ ਸੰਧੂ ਕਹਿਣ ਲੱਗੀ, ‘‘ਸੌਰੀ! ਕੀ ਮੈਂ ਪੁੱਛ ਸਕਦੀ ਹਾਂ ਕਿ ਤੁਹਾਡਾ ਤਲਾਕ ਹੋਇਆ ਸੀ ਜਾਂ ਕੋਈ ਹੋਰ ਕਾਰਨ ?’’
ਮੈਂ ਫਿਰ ਹੌਲੀ ਜਿਹੀ ਕਿਹਾ, ‘‘ਮੇਰੀ ਪਤਨੀ ਦੀ ਕੈਂਸਰ ਨਾਲ ਮੌਤ ਹੋ ਗਈ ਸੀ।’’
ਮਿਸਿਜ਼ ਸੰਧੂ ਕੁਝ ਦੇਰ ਚੁੱਪ ਰਹੀ। ਮਿਊਜ਼ਿਕ ਦੀ ਧੁੰਨ ਬਦਲ ਗਈ। ਜੋੜੇ ਅਜੇ ਵੀ ਨੱਚ ਰਹੇ ਸਨ। ਫਿਰ ਅਚਾਨਕ ਮਿਸਿਜ਼ ਸੰਧੂ ਕਹਿਣ ਲੱਗੀ, ‘‘ਸੌਰੀ! ਮੈਂ ਤੁਹਾਡਾ ਦੁਖ ਸਮਝ ਸਕਦੀ ਹਾਂ ਕਿਉਂਕਿ ਮੇਰੇ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਬੀਤੀ ਹੈ। ਮੇਰਾ ਮਿਸਟਰ ਸੰਧੂ ਵੀ ਦਸ ਕੁ ਸਾਲ ਪਹਿਲਾਂ ਕੈਂਸਰ ਦਾ ਸ਼ਿਕਾਰ ਹੋ ਗਿਆ ਸੀ। ਉਦੋਂ ਤੋਂ ਮੈਂ ਵੀ ਇਕੱਲੀ ਹਾਂ।’’
ਮੈਂ ਦੇਖਿਆ ਕਿ ਮਿਸਿਜ਼ ਸੰਧੂ ਨੇ ਕੁਝ ਪਲ ਨੱਚਦੇ ਜੋੜਿਆਂ ’ਤੇ ਨਜ਼ਰ ਮਾਰੀ ਤੇ ਫਿਰ ਮੇਰੇ ਵੱਲ ਵੇਖਿਆ। ਮਿਸਿਜ਼ ਸੰਧੂ ਦੀਆਂ ਅੱਖਾਂ ਵਿੱਚ ਹੰਝੂ ਸਾਫ਼ ਦਿਖਾਈ ਦੇ ਰਹੇ ਸਨ ਜਿਵੇਂ ਬਸ ਹੁਣੇ ਡਿੱਗ ਪੈਣਗੇ। ਮੈਂ ਕਿਹਾ, ‘‘ਮਿਸਿਜ਼ ਸੰਧੂ! ਬਹੁਤ ਦੁੱਖ ਹੋਇਆ ਸੁਣ ਕੇ।’’ ਇਸ ਤੋਂ ਅੱਗੇ ਮੈਂ ਕੁਝ ਨਾ ਬੋਲ ਸਕਿਆ। ਮਿਸਿਜ਼ ਸੰਧੂ ਆਪੇ ਹੀ ਮੈਨੂੰ ਦੱਸਣ ਲੱਗੀ, ‘‘ਉਹ ਇੰਡੀਅਨ ਆਰਮੀ ਵਿੱਚ ਕਰਨਲ ਸਨ। ਬਹੁਤ ਬਹਾਦਰ ਸਨ। ਦੋ ਜੰਗਾਂ ਵੀ ਲੜੀਆਂ। ਕੁਝ ਨਹੀਂ ਹੋਇਆ, ਪਰ ਕੈਂਸਰ ਦੀ ਲੜਾਈ ਤੋਂ ਹਾਰ ਗਏ।’’ ਮਿਸਿਜ਼ ਸੰਧੂ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗ ਪਏ। ਉਸ ਨੇ ਫਿਰ ਇੱਕ ਨਜ਼ਰ ਨੱਚਦੇ ਜੋੜਿਆਂ ਵੱਲ ਵੇਖਿਆ ਤੇ ਕਹਿਣ ਲੱਗੀ, ‘‘ਜੇ ਅੱਜ ਉਹ ਮੇਰੇ ਨਾਲ ਹੁੰਦੇ ਤਾਂ ਅਸੀਂ ਨੱਚ ਨੱਚ ਧਰਤੀ ਹਿਲਾ ਦਿੰਦੇ।’’ ਮੈਂ ਮਹਿਸੂਸ ਕੀਤਾ ਕਿ ਮਿਸਿਜ਼ ਸੰਧੂ ਬਹੁਤ ਹੀ ਬਹਾਦਰ ਔਰਤ ਹੈ ਜੋ ਕਈ ਸਾਲਾਂ ਤੋਂ ਇਕੱਲੀ ਹੀ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਮਿਊਜ਼ਿਕ ਬੰਦ ਹੋ ਗਿਆ। ਜੋੜੇ ਨੱਚਣਾ ਬੰਦ ਕਰ ਕੇ ਖਾਣੇ ਦੀ ਮੇਜ਼ ਦੁਆਲੇ ਹੋ ਗਏ। ਇੱਕ ਅਣਜਾਣ ਜਿਹੀ ਔਰਤ ਨੇ ਆ ਕੇ ਸਾਨੂੰ ਕਿਹਾ, ‘‘ਵਾਹ! ਸਭ ਤੋਂ ਸੋਹਣੀ ਜੋੜੀ ਤਾਂ ਇੱਥੇ ਬੈਠੀ ਹੈ। ਤੁਸੀਂ ਨੱਚੇ ਵੀ ਨਹੀਂ। ਚਲੋ ਹੁਣ ਕੁਝ ਖਾ ਪੀ ਲਓ।’’ ਤੇ ਉਹ ਅਣਜਾਣ ਔਰਤ ਸਾਨੂੰ ਛੱਡ ਕੇ ਹੋਰ ਪਾਸੇ ਚਲੀ ਗਈ।
ਉਸ ਦਿਨ ਤੋਂ ਬਾਅਦ ਮੇਰੇ ਦਿਲ ਵਿੱਚ ਮਿਸਿਜ਼ ਸੰਧੂ ਲਈ ਹੋਰ ਵੀ ਸਤਿਕਾਰ ਵਧ ਗਿਆ। ਮੈਂ ਹਮੇਸ਼ਾਂ ਉਸ ਨੂੰ ਮਿਸਿਜ਼ ਸੰਧੂ ਕਹਿ ਕੇ ਬੁਲਾਉਂਦਾ। ਇੱਕ-ਦੋ ਵਾਰੀ ਮੇਰੇ ਦਿਲ ਵਿੱਚ ਖ਼ਾਹਿਸ਼ ਜਿਹੀ ਵੀ ਜਾਗੀ ਕਿ ਮੈਂ ਮਿਸਿਜ਼ ਸੰਧੂ ਨੂੰ ਉਸ ਦਾ ਅਸਲੀ ਨਾਮ ਪੁੱਛਾਂ, ਪਰ ਹੌਸਲਾ ਨਹੀਂ ਪਿਆ। ਪਤਾ ਨਹੀਂ ਕਿਉਂ ਮੈਨੂੰ ਇੰਝ ਮਹਿਸੂਸ ਹੋਇਆ ਕਿ ਜੇ ਮੈਂ ਉਸ ਦਾ ਨਾਮ ਪੁੱਛ ਲਿਆ ਤਾਂ ਮੇਰੇ ਅੰਦਰੋਂ ਉਸ ਦਾ ਸਤਿਕਾਰ ਘਟ ਜਾਏਗਾ ਤੇ ਮੈਂ ਹਮੇਸ਼ਾਂ ਉਸ ਨੂੰ ਮਿਸਿਜ਼ ਸੰਧੂ ਕਹਿ ਕੇ ਬੁਲਾਉਂਦਾ ਹਾਂ।
ਮੈਂ ਮਿਸਿਜ਼ ਸੰਧੂ ਦਾ ਸਤਿਕਾਰ ਕਰਦਾ ਰਿਹਾ ਤੇ ਮਿਸਿਜ਼ ਸੰਧੂ ਮੇਰਾ। ਹੌਲੀ ਹੌਲੀ ਸਾਡੀ ਦੋਸਤੀ ਵਧਦੀ ਗਈ। ਸਾਡੀ ਇੱਕ-ਦੂਜੇ ਪ੍ਰਤੀ ਸ਼ਰਧਾ ਵੀ ਵਧਦੀ ਗਈ।
ਇੱਕ ਦਿਨ ਦੀ ਗੱਲ ਹੈ। ਮੈਂ ਆਪਣਾ ਕੰਮ ਖ਼ਤਮ ਕਰ ਕੇ ਘਰ ਜਾਣ ਦੀ ਤਿਆਰੀ ਵਿੱਚ ਸਾਂ। ਮੇਰਾ ਦਿਲ ਕੀਤਾ ਕਿ ਮੈਂ ਫੋਨ ਕਰ ਕੇ ਮਿਸਿਜ਼ ਸੰਧੂ ਦੀ ਤਬੀਅਤ ਬਾਰੇ ਹੀ ਪੁੱਛ ਲਵਾਂ। ਫਿਰ ਆਪੇ ਹੀ ਆਪਣੇ ਆਪ ਨੂੰ ਕਿਹਾ, ‘ਚਲੋ ਛੱਡੋ! ਕਦੇ ਫਿਰ ਸਹੀ। ਹੁਣ ਘਰ ਹੀ ਚੱਲਦਾ ਹਾਂ।’ ਮਹਿਸੂਸ ਹੋਇਆ ਕਿ ਕੋਈ ਮੈਨੂੰ ਮੇਰੇ ਅੰਦਰੋਂ ਕਹਿ ਰਿਹਾ ਹੈ, ‘ਮਿਸਿਜ਼ ਸੰਧੂ ਨੂੰ ਫੋਨ ਹੀ ਕਰ ਲਵੋ। ਹੋ ਸਕਦੈ, ਉਸ ਦੀ ਤਬੀਅਤ ਠੀਕ ਨਾ ਹੋਵੇ।’ ਪਤਾ ਨਹੀਂ ਕਿਉਂ ਮੈਂ ਮਿਸਿਜ਼ ਸੰਧੂ ਦੀ ਤਬੀਅਤ ਬਾਰੇ ਹੀ ਸੋਚੀ ਜਾ ਰਿਹਾ ਸਾਂ। ਜਿਉਂ ਹੀ ਮੈਂ ਫੋਨ ਕਰਨ ਦਾ ਇਰਾਦਾ ਕੀਤਾ, ਮੇਰੇ ਮੋਬਾਈਲ ਫੋਨ ਦੀ ਘੰਟੀ ਵੱਜ ਗਈ। ਮੇਰੇ ਬੇਟੇ ਦਾ ਫੋਨ ਸੀ। ਬੇਟਾ ਪੁੱਛਣ ਲੱਗਾ, ‘‘ਪਾਪਾ! ਘਰ ਕਦੋਂ ਆ ਰਹੇ ਹੋ?’’ ਮੈਂ ਕਿਹਾ, ‘‘ਬਸ ਚੱਲਣ ਲੱਗਾ ਹਾਂ। ਅੱਧੇ ਪੌਣੇ ਘੰਟੇ ਵਿੱਚ ਪਹੁੰਚ ਜਾਵਾਂਗਾ।’’ ਬੇਟੇ ਨਾਲ ਗੱਲਬਾਤ ਖ਼ਤਮ ਹੋਈ ਤਾਂ ਮੈਂ ਘਰ ਨੂੰ ਚੱਲਣ ਲਈ ਕਾਰ ਸਟਾਰਟ ਕਰ ਲਈ। ਮੇਰੇ ਅੰਦਰੋਂ ਫਿਰ ਇੱਕ ਆਵਾਜ਼ ਆਈ, ‘ਕੀ ਗੱਲ ! ਮਿਸਿਜ਼ ਸੰਧੂ ਨੂੰ ਫੋਨ ਕਰਨ ਲੱਗੇ ਸੀ, ਭੁੱਲ ਗਏ?’ ਮੈਂ ਮਿਸਿਜ਼ ਸੰਧੂ ਦਾ ਫੋਨ ਮਿਲਾ ਦਿੱਤਾ। ਮਿਸਿਜ਼ ਸੰਧੂ ਨੇ ਫੋਨ ਚੁੱਕਿਆ ਤੇ ਬੜੀ ਹੀ ਉਦਾਸ ਤੇ ਘਬਰਾਈ ਹੋਈ ਆਵਾਜ਼ ਆਈ, ‘‘ਤੁਸੀਂ ਕਿੱਥੇ ਹੋ? ਮੈਂ ਅੱਜ ਬਹੁਤ ਹੀ ਅਪਸੈੱਟ ਹਾਂ...।’’ ਮੈਨੂੰ ਕੁਝ ਹੋਰ ਪੁੱਛਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ। ਬਸ ਕਹਿ ਦਿੱਤਾ, ‘‘ਮਿਸਿਜ਼ ਸੰਧੂ ਮੈਂ ਤੁਹਾਡੇ ਵੱਲ ਹੀ ਆ ਰਿਹਾ ਹਾਂ।’’
ਕਾਰ ਮਿਸਿਜ਼ ਸੰਧੂ ਦੇ ਘਰ ਵੱਲ ਨੂੰ ਮੋੜ ਲਈ। ਸੋਚਿਆ ਦੋਸਤ ਦੇ ਘਰ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਉਦੋਂ ਤਾਂ ਬਿਲਕੁਲ ਨਹੀਂ ਜਦੋਂ ਤੁਹਾਡਾ ਦੋਸਤ ਉਦਾਸ ਤੇ ਅਪਸੈੱਟ ਹੋਵੇ। ਰਾਹ ਵਿੱਚ ਇੱਕ ਸ਼ਾਪਿੰਗ ਸੈਂਟਰ ਪੈਂਦਾ ਸੀ। ਜਲਦੀ ਨਾਲ ਇੱਕ ਚਾਕਲੇਟ ਦਾ ਡੱਬਾ ਤੇ ਇੱਕ ਸੋਹਣਾ ਜਿਹਾ ਫੁੱਲਾਂ ਦਾ ਗੁਲਦਸਤਾ ਖ਼ਰੀਦਿਆ ਤੇ ਥੋੜ੍ਹੀ ਦੇਰ ਬਾਅਦ ਮਿਸਿਜ਼ ਸੰਧੂ ਦੇ ਘਰ ਪਹੁੰਚ ਗਿਆ। ਦਰਵਾਜ਼ੇ ’ਤੇ ਲੱਗੀ ਘੰਟੀ ਵਜਾਈ, ਪਰ ਅੱਗੋਂ ਕੋਈ ਜਵਾਬ ਨਾ ਆਇਆ। ਇੱਕ-ਦੋ ਮਿੰਟ ਦੀ ਉਡੀਕ ਦੇ ਬਾਅਦ ਦਰਵਾਜ਼ੇ ਨੂੰ ਹੱਥ ਲਾਇਆ ਤਾਂ ਮਹਿਸੂਸ ਹੋਇਆ ਕਿ ਦਰਵਾਜ਼ਾ ਤਾਂ ਖੁੱਲ੍ਹਾ ਹੈ। ਅੰਦਰ ਚਲਾ ਗਿਆ, ਪਰ ਮਿਸਿਜ਼ ਸੰਧੂ ਨਜ਼ਰ ਨਹੀਂ ਆਈ। ਸੋਚਿਆ ਕਿ ਸ਼ਾਇਦ ਬਾਥਰੂਮ ਵਿੱਚ ਹੋਵੇ। ਇੱਕ-ਦੋ ਮਿੰਟ ਹੋਰ ਉਡੀਕਿਆ ਤੇ ਫਿਰ ਹੌਲੀ ਜਿਹੀ ਕਿਹਾ, ‘‘ਹੈਲੋ!’’ ਮਿਸਿਜ਼ ਸੰਧੂ ਦੀ ਉੱਪਰਲੇ ਕਮਰੇ ਵਿੱਚੋਂ ਆਵਾਜ਼ ਆਈ, ‘‘ਬਸ ਇੱਕ-ਦੋ ਮਿੰਟ ਹੋਰ... ਆ ਰਹੀ ਹਾਂ।’’
ਉਹ ਪੌੜੀਆਂ ਉਤਰ ਰਹੀ ਸੀ ਤੇ ਮੈਂ ਅੱਗੇ ਗੁਲਦਸਤਾ ਲੈ ਕੇ ਖੜ੍ਹਾ ਹੋ ਗਿਆ। ਗੁਲਦਸਤਾ ਭੇਂਟ ਕੀਤਾ ਤਾਂ ਮਿਸਿਜ਼ ਸੰਧੂ ਹੈਰਾਨ ਹੋ ਗਈ ਤੇ ਕਹਿਣ ਲੱਗੀ, ‘‘ਇਹ ਫਾਰਮੈਲਟੀ ਕਿਉਂ ਕੀਤੀ?’’ ਮੈਂ ਕਿਹਾ, ‘‘ਮਿਸਿਜ਼ ਸੰਧੂ! ਇਹ ਫਾਰਮੈਲਟੀ ਨਹੀਂ ਹੈ। ਇੱਕ ਦੋਸਤ ਦਾ ਪਿਆਰ ਹੈ। ਤੁਹਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਕੋਈ ਤੁਹਾਡਾ ਆਪਣਾ ਹੈ ਜੋ ਤੁਹਾਡਾ ਖ਼ਿਆਲ ਰੱਖਦਾ ਹੈ। ਜੋ ਹਰ ਵਕਤ ਤੁਹਾਡੇ ਬਾਰੇ ਸੋਚਦਾ ਹੈ।’’ ਮਿਸਿਜ਼ ਸੰਧੂ ਨੇ ਅੱਗੋਂ ਕੁਝ ਨਹੀਂ ਕਿਹਾ। ਬਸ ਇੱਕ ਵਾਸਕ ਲਿਆ ਕੇ ਗੁਲਦਸਤਾ ਸਜਾ ਕੇ, ਕੰਧ ਉੱਤੇ ਲੱਗੀ ਕਰਨਲ ਸਾਹਿਬ ਦੀ ਫੋਟੋ ਦੇ ਹੇਠਾਂ ਪਏ ਮੇਜ਼ ’ਤੇ ਰੱਖ ਦਿੱਤਾ।
ਅਸੀਂ ਦੋਵੇਂ ਆਹਮਣੇ ਸਾਹਮਣੇ ਸੋਫ਼ਿਆਂ ’ਤੇ ਬੈਠ ਗਏ। ਮਿਸਿਜ਼ ਸੰਧੂ ਦੱਸਣ ਲੱਗੀ ਕਿ ਉਹ ਅੱਜ ਉਦਾਸ ਤੇ ਅਪਸੈੱਟ ਕਿਉਂ ਹੋਈ। ਜਦੋਂ ਉਹ ਜ਼ਿਆਦਾ ਹੀ ਉਦਾਸ ਹੋ ਗਈ ਤਾਂ ਫਿਰ ਉਸ ਨੂੰ ਸਭ ਦੋਸਤਾਂ ਦੀ ਯਾਦ ਆਉਣ ਲੱਗੀ ਕਿ ਕੌਣ ਹੈ ਜੋ ਉਸ ਕੋਲ ਆ ਕੇ ਉਸ ਦਾ ਦੁੱਖ ਸੁਣੇ। ਉਸ ਦਾ ਦੁੱਖ ਵੰਡਾਏ। ਅੱਜ ਉਸ ਨੂੰ ਕਰਨਲ ਸਾਹਿਬ ਦੀ ਯਾਦ ਆਉਣ ਲੱਗੀ। ਉਹ ਹੋਰ ਵੀ ਜ਼ਿਆਦਾ ਉਦਾਸ ਹੋ ਗਈ। ਅੱਜ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਦਾ ਆਪਣਾ ਹੋਣਾ ਚਾਹੀਦਾ ਹੈ। ਕੋਈ ਆਪਣਾ ਦੋਸਤ ਹੋਣਾ ਚਾਹੀਦੈ। ਉਸ ਨੂੰ ਮੇਰੀ ਯਾਦ ਆਉਣ ਲੱਗੀ। ਉਹ ਮੈਨੂੰ ਫੋਨ ਕਰਨ ਦੀ ਸੋਚਣ ਲੱਗੀ। ਇਸ ਤੋਂ ਪਹਿਲਾਂ ਕਿ ਉਹ ਮੈਨੂੰ ਫੋਨ ਕਰੇ, ਮੇਰਾ ਫੋਨ ਉਸ ਕੋਲ ਪਹੁੰਚ ਗਿਆ ਤੇ ਫਿਰ ਮੈਂ ਵੀ ਪਹੁੰਚ ਗਿਆ। ਮਿਸਿਜ਼ ਸੰਧੂ ਸਾਰੇ ਦਿਨ ਦਾ ਹਾਲ ਸੁਣਾਉਂਦੀ ਰਹੀ ਤੇ ਫਿਰ ਅਚਾਨਕ ਕਹਿਣ ਲੱਗੀ, ‘‘ਚਲੋ! ਮੈਂ ਤੁਹਾਨੂੰ ਕੌਫ਼ੀ ਪਿਲਾਉਂਦੀ ਹਾਂ।’’
ਮੈਂ ਕਿਹਾ, ‘‘ਮਿਸਿਜ਼ ਸੰਧੂ! ਮੈਂ ਕੌਫ਼ੀ ਨਹੀਂ ਪੀ ਸਕਦਾ। ਕੌਫ਼ੀ ਪੀਣ ਨਾਲ ਮੇਰਾ ਬਲੱਡ ਪ੍ਰੈੱਸ਼ਰ ਬਹੁਤ ਵਧ ਜਾਂਦਾ ਹੈ ਤੇ ਮੇਰੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ।’’ ਮਿਸਿਜ਼ ਸੰਧੂ ਕਹਿਣ ਲੱਗੀ, ‘‘ਚਲੋ ਫਿਰ ਮੈਂ ਤੁਹਾਨੂੰ ਚਾਹ ਪਿਲਾਉਂਦੀ ਹਾਂ।’’
ਮੈਂ ਕਿਹਾ, ‘‘ਮਿਸਿਜ਼ ਸੰਧੂ! ਚਾਹ ਮੈਂ ਇੱਕ ਸ਼ਰਤ ’ਤੇ ਪੀਵਾਂਗਾ। ਤੁਹਾਨੂੰ ਯਾਦ ਹੈ ਕਿ ਪਿਛਲੀਆਂ ਦੋ ਵਾਰੀਆਂ ਵਿੱਚ ਤੁਸੀਂ ਮੈਨੂੰ ਚਾਹ ਪਿਲਾ ਦਿੱਤੀ ਸੀ, ਪਰ ਆਪ ਨਹੀਂ ਸੀ ਪੀਤੀ। ਇਸ ਵਾਰੀ ਜੇ ਤੁਸੀਂ ਮੇਰੇ ਨਾਲ ਚਾਹ ਨਹੀਂ ਪੀਣੀ ਤਾਂ ਮੈਂ ਵੀ ਨਹੀਂ ਪੀਣੀ। ਇੱਥੇ ਬੈਠੇ ਗੱਲਾਂ-ਬਾਤਾਂ ਹੀ ਕਰਦੇ ਹਾਂ।’’
ਮਿਸਿਜ਼ ਸੰਧੂ ਦਾ ਚਿਹਰਾ ਉਦਾਸ ਹੋ ਗਿਆ। ਅੱਖਾਂ ਵਿੱਚ ਹੰਝੂ ਭਰ ਆਏ। ਮੈਂ ਪੁੱਛਿਆ, ‘‘ਕੀ ਗੱਲ ਹੋਈ ਮਿਸਿਜ਼ ਸੰਧੂ! ਕੀ ਮੈਥੋਂ ਕੋਈ ਗ਼ਲਤੀ ਹੋ ਗਈ?’’
ਮਿਸਿਜ਼ ਸੰਧੂ ਨੇ ਝੱਟ ਹੀ ਆਪਣੇ ਆਪ ਨੂੰ ਸੰਭਾਲ ਲਿਆ। ਕਹਿਣ ਲੱਗੀ, ‘‘ਦਰਅਸਲ ਮੈਨੂੰ ਚਾਹ ਬਣਾਉਣੀ ਨਹੀਂ ਆਉਂਦੀ।’’ ਮੈਂ ਹੈਰਾਨ ਹੋ ਗਿਆ। ਪੁੱਛਣ ਲੱਗਾ ਕਿ ਪਿਛਲੀਆਂ ਦੋ ਵਾਰੀਆਂ ਤੁਸਾਂ ਚਾਹ ਬਣਾ ਕੇ ਪਿਆਈ ਸੀ, ਪਰ ਆਪ ਨਹੀਂ ਸੀ ਪੀਤੀ। ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਨੂੰ ਚਾਹ ਬਣਾਉਣੀ ਨਹੀਂ ਆਉਂਦੀ।
ਮਿਸਿਜ਼ ਸੰਧੂ ਕਹਿਣ ਲੱਗੇ, ‘‘ਉਹ ਤਾਂ ਅੰਗਰੇਜ਼ੀ ਸਟਾਈਲ ਦੀ ਚਾਹ ਸੀ। ਗਰਮ ਪਾਣੀ ਵਿੱਚ ਟੀ ਬੈਗ ਹਿਲਾ ਹਿਲਾ ਕੇ ਚਾਹ ਬਣ ਜਾਂਦੀ ਹੈ। ਦਰਅਸਲ, ਜਦੋਂ ਦੇ ਕਰਨਲ ਸਾਹਿਬ ਗਏ ਹਨ, ਮੈਂ ਚਾਹ ਨਹੀਂ ਪੀਤੀ। ਕਰਨਲ ਸਾਹਿਬ ਹੀ ਚਾਹ ਬਣਾਉਂਦੇ ਹੁੰਦੇ ਸਨ। ਮਸਾਲੇ ਵਾਲੀ ਚਾਹ। ਸੌਂਫ਼ ਤੇ ਇਲਾਇਚੀ ਵਾਲੀ ਚਾਹ। ਵੈਸੇ ਮੇਰੇ ਕੋਲ ਚਾਹ ਦਾ ਸਾਰਾ ਸਾਮਾਨ ਹੈ। ਪਿਛਲੀਆਂ ਕ੍ਰਿਸਮਿਸ ਦੀਆਂ ਛੁੱਟੀਆਂ ਵਿੱਚ ਮੇਰੀ ਬੇਟੀ ਅਮਰੀਕਾ ਤੋਂ ਆਈ ਸੀ ਤੇ ਉਹ ਇਹ ਸਾਰਾ ਸਾਮਾਨ ਬਾਜ਼ਾਰੋਂ ਲਿਆ ਕੇ ਦੇ ਗਈ ਸੀ। ਉਸ ਨੇ ਬੜਾ ਜ਼ੋਰ ਲਾਇਆ ਕਿ ਮੈਂ ਉਸ ਦੇ ਹੱਥ ਦੀ ਮਸਾਲੇ ਵਾਲੀ ਚਾਹ ਪੀਵਾਂ, ਪਰ ਮੈਂ ਨਹੀਂ ਪੀਤੀ।
ਮੇਰੇ ਮੂੰਹੋਂ ਨਿਕਲ ਗਿਆ, ‘‘ਚਲੋ ਅੱਜ ਮੈਂ ਚਾਹ ਬਣਾਉਂਦਾ ਹਾਂ।’’ ਮਿਸਿਜ਼ ਸੰਧੂ ਕਹਿਣ ਲੱਗੀ, ‘‘ਮੇਰੀ ਰਸੋਈ ਬਹੁਤ ਗੰਦੀ ਹੈ। ਮੈਂ ਤੁਹਾਨੂੰ ਰਸੋਈ ਵਿੱਚ ਨਹੀਂ ਆਉਣ ਦੇਣਾ। ਮੈਂ ਆਪ ਕੋਸ਼ਿਸ਼ ਕਰਦੀ ਹਾਂ ਚਾਹ ਬਣਾਉਣ ਦੀ। ਮਸਾਲੇ ਵਾਲੀ ਚਾਹ। ਜਿਹੜੀ ਕਰਨਲ ਸਾਹਿਬ ਬਣਾਉਂਦੇ ਹੁੰਦੇ ਸਨ।’’
ਮਿਸਿਜ਼ ਸੰਧੂ ਰਸੋਈ ਵਿੱਚ ਚਲੇ ਗਈ ਤੇ ਗੈਸ ਬਾਲ ਕੇ ਚਾਹ ਦਾ ਪਾਣੀ ਰੱਖ ਦਿੱਤਾ। ਮੈਂ ਖੜ੍ਹਾ ਹੋ ਕੇ ਕਰਨਲ ਸਾਹਿਬ ਦੀ ਫੋਟੋ ਕੋਲ ਜਾ ਕੇ ਬੜੇ ਧਿਆਨ ਨਾਲ ਕਰਨਲ ਸਾਹਿਬ ਨੂੰ ਦੇਖਣ ਲੱਗਾ।
ਮਿਸਿਜ਼ ਸੰਧੂ ਦੀ ਰਸੋਈ ਵਿੱਚੋਂ ਆਵਾਜ਼ ਆਈ, ‘‘ਦੇਖਣਾ! ਮੈਂ ਚਾਹ ਪੱਤੀ ਪਾਣੀ ਵਿੱਚ ਪਾ ਦਿਆਂ ਕਿ ਅਜੇ ਪਾਣੀ ਨੂੰ ਹੋਰ ਉਬਲਣ ਦਿਆਂ!’’ ਮੈਂ ਰਸੋਈ ਵਿੱਚ ਜਾ ਕੇ ਦੇਖਿਆ ਕਿ ਪਾਣੀ ਤਾਂ ਅਜੇ ਚੰਗੀ ਤਰ੍ਹਾਂ ਗਰਮ ਵੀ ਨਹੀਂ ਸੀ ਹੋਇਆ। ਚਾਹ ਪੱਤੀ ਦੀ ਡੱਬੀ ਮਿਸਿਜ਼ ਸੰਧੂ ਨੇ ਹੱਥ ਵਿੱਚ ਫੜੀ ਹੋਈ ਸੀ। ਦੱਸਣ ਲੱਗੀ ਕਿ ਇਹ ਚਾਹ ਪੱਤੀ ਕਰਨਲ ਸਾਹਿਬ ਦੀ ਪਸੰਦ ਸੀ। ਫਿਰ ਕਹਿਣ ਲੱਗੀ ਕਿ ਉਸ ਕੋਲ ਚਾਹ ਦਾ ਮਸਾਲਾ ਵੀ ਹੈ। ਝੱਟ ਹੀ ਮਸਾਲੇ ਦੀ ਡੱਬੀ ਕੱਢ ਲਈ। ਮੈਂ ਡੱਬੀ ਵਿੱਚੋਂ ਥੋੜ੍ਹਾ ਜਿਹਾ ਮਸਾਲਾ ਕੱਢਿਆ ਤੇ ਪਾਣੀ ਵਿੱਚ ਪਾ ਦਿੱਤਾ। ਥੋੜ੍ਹੀ ਦੇਰ ਵਿੱਚ ਹੀ ਪਾਣੀ ਉਬਲਣ ਲੱਗਾ ਅਤੇ ਮੈਂ ਮਿਸਿਜ਼ ਸੰਧੂ ਦੇ ਹੱਥੋਂ ਚਾਹ ਪੱਤੀ ਵਾਲੀ ਡੱਬੀ ਲਈ, ਉਸ ਵਿੱਚੋਂ ਲੋੜੀਂਦੀ ਚਾਹ ਪੱਤੀ ਕੱਢੀ ਤੇ ਉਬਲਦੇ ਪਾਣੀ ਵਿੱਚ ਪਾ ਦਿੱਤੀ। ਮਿਸਿਜ਼ ਸੰਧੂ ਨੇ ਫਰਿੱਜ ਵਿੱਚੋਂ ਦੁੱਧ ਦੀ ਬੋਤਲ ਕੱਢ ਲਈ ਤੇ ਮੈਨੂੰ ਫੜਾ ਦਿੱਤੀ। ਮੈਂ ਉਸ ਵਿੱਚੋਂ ਲੋੜੀਂਦਾ ਦੁੱਧ ਚਾਹ ਵਾਲੇ ਪਤੀਲੇ ਵਿੱਚ ਪਾ ਦਿੱਤਾ ਤੇ ਇਸ ਤਰ੍ਹਾਂ ਮੈਂ ਤੇ ਮਿਸਿਜ਼ ਸੰਧੂ ਨੇ ਰਲ ਕੇ ਚਾਹ ਤਿਆਰ ਕਰ ਲਈ।
ਅਸਾਂ ਦੋਵਾਂ ਨੇ ਆਪਣੇ ਆਪਣੇ ਕੱਪ ਫੜੇ ਤੇ ਡਾਇਨਿੰਗ ਟੇਬਲ ’ਤੇ ਬੈਠ ਕੇ ਚਾਹ ਪੀਣ ਲੱਗੇ। ਮਿਸਿਜ਼ ਸੰਧੂ ਨੇ ਚਾਹ ਦਾ ਘੁੱਟ ਭਰਿਆ ਤੇ ਕਹਿਣ ਲੱਗੀ, ‘‘ਏਦਾਂ ਦੀ ਚਾਹ ਤਾਂ ਕਰਨਲ ਸਾਹਿਬ ਬਣਾਉਂਦੇ ਹੁੰਦੇ ਸਨ।’’
ਮੈਂ ਕੁਝ ਕਹਿਣ ਹੀ ਲੱਗਾ ਸਾਂ ਕਿ ਮੇਰੇ ਫੋਨ ਦੀ ਘੰਟੀ ਵੱਜ ਗਈ। ਮੇਰੇ ਬੇਟੇ ਦਾ ਫੋਨ ਸੀ। ਕਹਿਣ ਲੱਗਾ, ‘‘ਪਾਪਾ! ਤੁਸੀਂ ਘਰ ਪਹੁੰਚ ਗਏ ਹੋਵੋਗੇ।’’ ਮੈਂ ਕਿਹਾ, ‘‘ਨਹੀਂ ਮੈਨੂੰ ਕੋਈ ਕੰਮ ਪੈ ਗਿਆ ਸੀ, ਇਸ ਲਈ ਦੇਰ ਹੋ ਗਈ ਹੈ।’’ ਬੇਟਾ ਕਹਿਣ ਲੱਗਾ, ‘‘ਮੈਂ ਵੀ ਦੋਸਤਾਂ ਨਾਲ ਘੁੰਮਣ ਫਿਰਨ ਆ ਗਿਆ ਹਾਂ। ਸ਼ਾਇਦ ਕੋਈ ਮੂਵੀ ਵੇਖੀਏ। ਇਸ ਲਈ ਦੇਰ ਹੋ ਜਾਏਗੀ। ਮੈਂ ਕਿਹਾ ਪਾਪਾ ਨੂੰ ਦੱਸ ਦਿਆਂ।’’ ਮੈਂ ਕਿਹਾ, ‘‘ਕੋਈ ਗੱਲ ਨਹੀਂ ਬੇਟਾ, ਖ਼ੂਬ ਮਜ਼ੇ ਕਰੋ।’’ ਤੇ ਫੋਨ ਬੰਦ ਕਰ ਦਿੱਤਾ। ਮਿਸਿਜ਼ ਸੰਧੂ ਕਹਿਣ ਲੱਗੀ, ‘‘ਤੁਸੀਂ ਬਹੁਤ ਖ਼ੁਸ਼ਕਿਸਮਤ ਹੋ। ਤੁਹਾਡੇ ਇਹੋ ਜਿਹੇ ਬੇਟੇ ਹਨ।’’
ਅਸੀਂ ਫਿਰ ਚਾਹ ਦੀਆਂ ਘੁੱਟਾਂ ਭਰਨ ਲੱਗੇ।
ਮਿਸਿਜ਼ ਸੰਧੂ ਕਹਿਣ ਲੱਗੇ, ‘‘ਬੇਟਾ ਮੇਰਾ ਇੰਡੀਆ ਨਹੀਂ ਛੱਡਣਾ ਚਾਹੁੰਦਾ ਤੇ ਬੇਟੀ ਅਮਰੀਕਾ ਵਿੱਚ ਪੱਕੀ ਹੈ ਤੇ ਮੈਂ ਇੱਥੇ ਆਸਟਰੇਲੀਆ ਵਿੱਚ ਪੱਕੀ ਹਾਂ ਤੇ ਇਕੱਲੀ ਹਾਂ। ਬੱਚੇ ਬਹੁਤ ਕਹਿੰਦੇ ਨੇ ਕਿ ਮੈਂ ਉਨ੍ਹਾਂ ਕੋਲ ਚਲੀ ਜਾਵਾਂ, ਪਰ ਮੈਂ ਇਹ ਘਰ ਕਿਵੇਂ ਛੱਡ ਦਿਆਂ ਜਿਹੜਾ ਬੜੇ ਪਿਆਰ ਨਾਲ ਤੇ ਸੱਧਰਾਂ ਨਾਲ ਕਰਨਲ ਸਾਹਿਬ ਬਣਾ ਕੇ ਛੱਡ ਗਏ ਨੇ।’’
ਮੈਂ ਮਿਸਿਜ਼ ਸੰਧੂ ਦਾ ਚਿਹਰਾ ਵੇਖਿਆ। ਉਸ ਦੀਆਂ ਅੱਖਾਂ ਵੇਖੀਆਂ। ਇਸ ਵਾਰੀ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸਨ ਬਲਕਿ ਇੱਕ ਐਸੀ ਹਿੰਮਤ ਨਜ਼ਰ ਆਈ ਜੋ ਜ਼ਿੰਦਗੀ ਨਾਲ ਲੜ ਸਕਦੀ ਸੀ ਅਤੇ ਜਿੱਤ ਵੀ ਸਕਦੀ ਸੀ। ਮਿਸਿਜ਼ ਸੰਧੂ ਦੀਆਂ ਨਜ਼ਰਾਂ ਕੰਧ ’ਤੇ ਲੱਗੀ ਕਰਨਲ ਸਾਹਿਬ ਦੀ ਫੋਟੋ ’ਤੇ ਜਾ ਟਿਕੀਆਂ। ਮੈਨੂੰ ਜਾਪਿਆ, ਕਰਨਲ ਸਾਹਿਬ ਦੀ ਫੋਟੋ ਸਿਰਫ਼ ਫੋਟੋ ਹੀ ਨਹੀਂ, ਇੱਕ ਚਾਨਣ ਮੁਨਾਰਾ ਹੈ ਜਿਸ ਨਾਲ ਮਿਸਿਜ਼ ਸੰਧੂ ਆਪਣੀ ਹਨੇਰੀ ਜ਼ਿੰਦਗੀ ਵਿੱਚ ਰੋਸ਼ਨੀ ਭਰਦੀ ਹੈ। ਫਿਰ ਉਸ ਨੇ ਮੇਰੇ ਵੱਲ ਵੇਖਿਆ। ਕੁਝ ਪਲ ਦੇਖਦੀ ਰਹੀ। ਫਿਰ ਕਹਿਣ ਲੱਗੀ, ‘‘ਮੈਂ ਇੱਕ ਫ਼ੈਸਲਾ ਕੀਤਾ ਹੈ। ਅੱਜ ਤੋਂ ਮੈਂ ਤੁਹਾਨੂੰ ਤੁਹਾਡੇ ਅਸਲੀ ਨਾਮ ਨਾਲ ਬੁਲਾਇਆ ਕਰਾਂਗੀ।’’ ਮੈਂ ਕਿਹਾ, ‘‘ਮਿਸਿਜ਼ ਸੰਧੂ! ਮੇਰੇ ਲਈ ਇਹ ਤਾਂ ਬਹੁਤ ਖ਼ੁਸ਼ੀ ਤੇ ਮਾਣ ਵਾਲੀ ਗੱਲ ਹੋਵੇਗੀ। ਤੁਹਾਡੇ ਇਸ ਤਰ੍ਹਾਂ ਕਰਨ ਨਾਲ ਕਿੰਨਾ ਆਪਣਾਪਣ ਮਹਿਸੂਸ ਹੁੰਦਾ ਹੈ। ਕਿੰਨਾ ਪਿਆਰ ਭਰਿਆ ਹੈ ਇਸ ਤਬਦੀਲੀ ਵਿੱਚ...।’’ ਤੇ ਫਿਰ ਮੈਂ ਮਿਸਿਜ਼ ਸੰਧੂ ਨੂੰ ਪੁੱਛਿਆ, ‘‘ਕੀ ਮੈਂ ਤੁਹਾਨੂੰ ਮਿਸਿਜ਼ ਸੰਧੂ ਦੀ ਬਜਾਇ ਤੁਹਾਡਾ ਅਸਲੀ ਨਾਮ ਲੈ ਕੇ ਬੁਲਾ ਸਕਦਾ ਹਾਂ? ਪਰ ਮੈਨੂੰ ਤਾਂ ਅਜੇ ਤੱਕ ਤੁਹਾਡਾ ਅਸਲੀ ਨਾਮ ਹੀ ਨਹੀਂ ਪਤਾ।’’
ਮਿਸਿਜ਼ ਸੰਧੂ ਦੇ ਚਿਹਰੇ ਦਾ ਰੰਗ ਬਦਲ ਗਿਆ। ਇੱਕ ਅਣਜਾਣੀ ਜਿਹੀ ਪੀੜ ਉਸ ਦੇ ਚਿਹਰੇ ’ਤੇ ਫੈਲ ਗਈ ਅਤੇ ਉਹ ਮੇਰੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਚਾਹ ਦੇ ਖ਼ਾਲੀ ਕੱਪ ਚੁੱਕ ਕੇ ਰਸੋਈ ਵਿੱਚ ਚਲੀ ਗਈ। ਮੈਂ ਸਾਹਮਣੇ ਕੰਧ ’ਤੇ ਲੱਗੀ ਕਰਨਲ ਸਾਹਿਬ ਦੀ ਫੋਟੋ ਨੂੰ ਨਿਹਾਰਨ ਲੱਗ ਪਿਆ।
ਸਾਹਮਣੇ ਕੰਧ ’ਤੇ ਲੱਗੀ ਆਪਣੀ ਪਤਨੀ ਦੀ ਫੋਟੋ ਨੂੰ ਨਿਹਾਰ ਰਿਹਾ ਸਾਂ। ਅੱਜ ਸਾਡੇ ਵਿਆਹ ਦਾ ਦਿਨ ਸੀ। ਸਵੇਰ ਹੋ ਚੁੱਕੀ ਸੀ। ਮੈਂ ਅਜੇ ਬਿਸਤਰੇ ਵਿੱਚ ਹੀ ਸਾਂ, ਪਰ ਪੂਰੀ ਤਰ੍ਹਾਂ ਜਾਗਿਆ ਹੋਇਆ ਸਾਂ। ਪੁਰਾਣੀਆਂ ਯਾਦਾਂ ਤਾਜ਼ਾ ਕਰ ਰਿਹਾ ਸਾਂ। ਕਿਵੇਂ ਇਕੱਠੇ ਅਸੀਂ ਆਪਣੇ ਵਿਆਹ ਦਾ ਦਿਨ ਮਨਾਉਂਦੇ। ਕਿਵੇਂ ਇਕੱਠੇ ਅਸੀਂ ਇੱਕ ਦੂਜੇ ਦਾ ਜਨਮ ਦਿਨ ਮਨਾਉਂਦੇ। ਕਦੇ ਛੁੱਟੀਆਂ ਲੈ ਕੇ ਸ਼ਹਿਰ ਤੋਂ ਦੂਰ ਕਿਸੇ ਪਹਾੜੀ ਸਥਾਨ ’ਤੇ ਹਫ਼ਤਾ ਭਰ ਛੁੱਟੀਆਂ ਮਨਾਉਂਦੇ। ਆਪਣੀ ਪਤਨੀ ਦੀ ਫੋਟੋ ਵਿੱਚੋਂ ਸਭ ਕੁਝ ਸਾਫ਼ ਨਜ਼ਰ ਆ ਰਿਹਾ ਸੀ। ਫਿਰ ਉਹ ਦਿਨ ਯਾਦ ਆਉਣ ਲੱਗੇ ਜੋ ਮੈਂ ਇਕੱਲਿਆਂ ਬਿਤਾਏ। ਫਿਰ ਯਾਦ ਆ ਗਈ ਮਿਸਿਜ਼ ਸੰਧੂ।
ਮੈਂ ਆਪਣੇ ਆਪ ਵਿੱਚ ਸੋਚਿਆ, ‘ਮਿਸਿਜ਼ ਸੰਧੂ ਨੇ ਆਪਣਾ ਅਸਲੀ ਨਾਮ ਨਹੀਂ ਦੱਸਿਆ। ਨਾ ਹੀ ਉਹ ਦੱਸਣਾ ਚਾਹੁੰਦੀ ਹੈ।’ ਇਹ ਸੋਚ ਕੇ ਮੇਰੇ ਅੰਦਰ ਇੱਕ ਝੁਣਝੁਣੀ ਜਿਹੀ ਆ ਗਈ। ਮੈਂ ਫਿਰ ਆਪਣੀ ਪਤਨੀ ਦੀ ਫੋਟੋ ਵੱਲ ਵੇਖਿਆ। ਜਾਪਿਆ ਜਿਵੇਂ ਉਹ ਕੋਈ ਸਵਾਲ ਕਰ ਰਹੀ ਹੈ। ਮੈਂ ਆਪਣੇ ਆਪ ਨੂੰ ਉਸ ਦਾ ਦੋਸ਼ੀ ਮੰਨਣ ਲੱਗ ਪਿਆ। ਫਿਰ ਆਪੇ ਹੀ ਉਸ ਦਾ ਜਵਾਬ ਦੇਣ ਲੱਗ ਪਿਆ। ਮੈਂ ਜਿਵੇਂ ਆਪਣੀ ਪਤਨੀ ਨੂੰ ਕਹਿ ਰਿਹਾ ਹੋਵਾਂ, ‘ਮੈਂ ਕੌਣ ਹੁੰਦਾ ਹਾਂ ਮਿਸਿਜ਼ ਸੰਧੂ ਦੇ ਪਤੀ ਦੀ ਥਾਂ ਲੈਣ ਵਾਲਾ? ਮੈਂ ਤਾਂ ਇੱਕ ਦੋਸਤ ਹਾਂ ਅਤੇ ਦੋਸਤੀ ਨਿਭਾਉਣੀ ਚਾਹੁੰਦਾ ਹਾਂ। ਮਿਸਿਜ਼ ਸੰਧੂ ਇਕੱਲੀ ਹੈ ਅਤੇ ਉਸ ਨੂੰ ਕੋਈ ਦੋਸਤ ਚਾਹੀਦਾ ਹੈ। ਮੈਂ ਵੀ ਇਕੱਲਾ ਹਾਂ, ਮੈਨੂੰ ਵੀ ਕੋਈ ਸਾਥ ਚਾਹੀਦਾ ਹੈ।’
ਇਸ ਨੂੰ ਇਤਫ਼ਾਕ ਹੀ ਸਮਝੋ ਕਿ ਮਿਸਿਜ਼ ਸੰਧੂ ਦਾ ਫੋਨ ਆ ਗਿਆ। ਮੈਂ ਹੌਲੀ ਜਿਹੀ ਹੈਲੋ ਕਿਹਾ ਤੇ ਮਿਸਿਜ਼ ਸੰਧੂ ਦਾ ਹਾਲ ਚਾਲ ਪੁੱਛਿਆ। ਉਸ ਨੇ ਮੇਰਾ ਹਾਲ ਪੁੱਛਦਿਆਂ ਕਿਹਾ, ‘‘ਕੀ ਗੱਲ! ਬੜੇ ਸੁਸਤ ਲੱਗ ਰਹੇ ਹੋ?’’ ਮੈਂ ਜਵਾਬ ਦਿੱਤਾ, ‘‘ਨਹੀਂ ਨਹੀਂ ਮੈਂ ਠੀਕ ਹਾਂ।’’
ਮਿਸਿਜ਼ ਸੰਧੂ ਕਹਿਣ ਲੱਗੀ, ‘‘ਜਾਪਦੈ, ਅਜੇ ਪੂਰੀ ਤਰ੍ਹਾਂ ਜਾਗੇ ਨਹੀਂ।’’
‘‘ਜਾਗ ਤਾਂ ਪਿਆ ਹਾਂ, ਪਰ ਅਜੇ ਬਿਸਤਰੇ ਵਿੱਚ ਹੀ ਹਾਂ। ਤੁਹਾਨੂੰ ਯਾਦ ਕਰ ਰਿਹਾ ਸਾਂ।’’ ਮੈਂ ਆਪਣੀ ਪਤਨੀ ਦੀ ਫੋਟੋ ਵੱਲ ਵੇਖਦਿਆਂ ਆਖਿਆ। ਮੈਂ ਫਿਰ ਅੱਗੇ ਆਖਿਆ, ‘‘ਮਿਸਿਜ਼ ਸੰਧੂ। ਮੈਂ ਇੱਕ ਫ਼ੈਸਲਾ ਕੀਤਾ ਹੈ।’’ ਮਿਸਿਜ਼ ਸੰਧੂ ਚੁੱਪ ਰਹੀ। ਮੈਂ ਫਿਰ ਕਿਹਾ, ‘‘ਮੈਂ ਫ਼ੈਸਲਾ ਕੀਤਾ ਹੈ ਕਿ ਮੈਂ ਤੁਹਾਨੂੰ ਹਮੇਸ਼ਾਂ ਮਿਸਿਜ਼ ਸੰਧੂ ਹੀ ਕਿਹਾ ਕਰਾਂਗਾ। ਮੈਂ ਕਦੇ ਵੀ ਤੁਹਾਡਾ ਅਸਲੀ ਨਾਮ ਨਹੀਂ ਲਵਾਂਗਾ। ਇਹ ਮੇਰਾ ਵਾਅਦਾ ਰਿਹਾ।’’ ਤੇ ਫਿਰ ਮੈਂ ਆਪਣੀ ਪਤਨੀ ਦੀ ਫੋਟੋ ਵੱਲ ਵੇਖਣ ਲੱਗਾ। ਮੈਨੂੰ ਜਾਪਿਆ ਕਿ ਉਹ ਫੋਟੋ ਵਿੱਚ ਬਹੁਤ ਖ਼ੁਸ਼ ਨਜ਼ਰ ਆ ਰਹੀ ਸੀ।
ਮਿਸਿਜ਼ ਸੰਧੂ ਨੇ ਪੁੱਛਿਆ, ‘‘ਅੱਜ ਸ਼ਾਮ ਨੂੰ ਤੁਸੀਂ ਕੀ ਕਰ ਰਹੇ ਹੋ।’’ ਮੈਂ ਜਵਾਬ ਦਿੱਤਾ, ‘‘ਨਹੀਂ! ਅੱਜ ਸ਼ਾਮ ਨੂੰ ਮੈਂ ਕੁਝ ਨਹੀਂ ਕਰ ਰਿਹਾ। ਬਿਲਕੁਲ ਵਿਹਲਾ ਹਾਂ।’’
ਮਿਸਿਜ਼ ਸੰਧੂ ਕਹਿਣ ਲੱਗੀ, ‘‘ਅੱਜ ਮੇਰੇ ਕਰਨਲ ਦਾ ਜਨਮ ਦਿਨ ਹੈ। ਤੁਸੀਂ ਮੇਰੇ ਨਾਲ ਡਿਨਰ ’ਤੇ ਚੱਲੋਗੇ? ਸ਼ਹਿਰ ਵਿੱਚ ਇੱਕ ਨਵਾਂ ਰੈਸਟੋਰੈਂਟ ਖੁੱਲ੍ਹਿਆ ਹੈ, ਉੱਥੇ ਚੱਲਾਂਗੇ।’’
ਇਸ ਪਿਆਰ ਭਰੇ ਨਿਉਤੇ ਦਾ ਭਲਾ ਮੈਂ ਕੀ ਜਵਾਬ ਦਿੰਦਾ। ਆਪਣੇ ਬਿਸਤਰੇ ਵਿੱਚੋਂ ਬਾਹਰ ਨਿਕਲਿਆ। ਆਪਣੀ ਪਤਨੀ ਦੀ ਫੋਟੋ ਅੱਗੇ ਖੜ੍ਹਾ
ਹੋਇਆ। ਹੱਥ ਜੋੜੇ, ਆਪਣਾ ਸਿਰ ਝੁਕਾਇਆ ਤੇ ਕਿਹਾ, ‘ਦੋਸਤੀ ਕੀਤੀ ਹੈ, ਨਿਭਾਉਣੀ ਤਾਂ ਪਵੇਗੀ।’
ਸੰਪਰਕ: 61403125209