ਮੈਂਬਰਸ਼ਿਪ ਮੁਹਿੰਮ: ਮੋਗਾ ’ਚ ਅਕਾਲੀ ਦਲ ਦੇ ਧੜਿਆਂ ਵਿਚਾਲੇ ਅੰਦਰੂਨੀ ਖਿੱਚੋਤਾਣ
ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਮਾਰਚ
ਸ਼੍ਰੋਮਣੀ ਅਕਾਲੀ ਦਲ ਦਾ ਨਿਘਾਰ ਇਸ ਵੇਲੇ ਸਿਖ਼ਰ ’ਤੇ ਹੈ। ਪਾਰਟੀ ’ਚ ਵਰਕਰਾਂ ਦੀ ਭਰਤੀ ਮੁਹਿੰਮ ਤੋਂ ਵੱਧ ਰਹੀ ਅੰਦਰੂਨੀ ਧੜੇਬੰਦੀ ਕਾਰਨ ਪਾਰਟੀ ਜਮਹੂਰੀਅਤ ਦੀ ਬਹਾਲੀ ’ਚ ਅਸਫ਼ਲ ਹੋ ਰਹੀ ਜਾਪਦੀ ਹੈ।
ਅਕਾਲੀ ਦਲ ਨੂੰ ਭਾਵੇਂ ਬੀਤੇ ਸਾਲਾਂ ’ਚ ਕਈ ਝਟਕੇ ਲੱਗੇ ਹਨ ਪਰ ਪਾਰਟੀ ਦੀ ਲੀਡਰਸ਼ਿਪ ਨੇ ਉਸ ਤੋਂ ਸਬਕ ਨਹੀਂ ਲਿਆ ਜਿਸ ਕਾਰਨ ਪਾਰਟੀ ਦੇ ਕਈ ਸੀਨੀਅਰ ਤੇ ਟਕਸਾਲੀ ਆਗੂ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਹੁਣ ਭਰਤੀ ਮੁਹਿੰਮ ਅਤੇ ਅਬਜ਼ਰਬਰਾਂ ਦੀ ਤਾਇਨਾਤੀ ਦੇ ਭੇਦਭਾਵ ਤੋਂ ਮਰਹੂਮ ਟਕਸਾਲੀ ਆਗੂ ਜਥੇਦਾਰ ਤੋਤਾ ਸਿੰਘ ਦਾ ਪਰਿਵਾਰ ਤੇ ਉਨ੍ਹਾਂ ਦੇ ਫਰਜ਼ੰਦ ਬਰਜਿੰਦਰ ਸਿੰਘ ਮੱਖਣ ਬਰਾੜ ਸਮੇਤ ਕੋਈ ਹੋਰ ਟਕਸਾਲੀ ਆਗੂ ਨਿਸ਼ਾਨੇ ਉੱਤੇ ਹਨ। ਅਕਾਲੀ ਦਲ ’ਚ ਭਰਤੀ ਮੁਹਿੰਮ ਤੋਂ ਮੋਗਾ ਜ਼ਿਲ੍ਹੇ ਵਿੱਚ ਦੋ ਧੜੇ ਬਣੇ ਗਏ ਹਨ। ਇੱਕ ਧੜਾ ਸੁਖਬੀਰ ਬਾਦਲ ਦਾ ਤੇ ਦੂਜਾ ਮਨਪ੍ਰੀਤ ਇਯਾਲੀ ਦਾ ਹੈ। ਸੁਖਬੀਰ ਬਾਦਲ ਦੇ ਧੜੇ ਦੀ ਨੁਮਾਇੰਦਗੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਹਲਕਾ ਬਾਘਾਪੁਰਾਣਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਜਦਕਿ ਮਨਪ੍ਰੀਤ ਇਯਾਲੀ ਦੇ ਧੜੇ ਦੀ ਨੁਮਾਇੰਦਗੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਹਲਕਾ ਧਰਮਕੋਟ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਕਰ ਰਹੇ ਹਨ। ਦੋਵਾਂ ਧੜਿਆਂ ਵੱਲੋਂ ਇੱਕ-ਦੂਜੇ ਦੇ ਹਲਕਿਆਂ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਭਰਤੀ ਮੁਹਿੰਮ ਦੇ ਜ਼ਿਲ੍ਹਾ ਅਬਜ਼ਰਬਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਹੇਠ ਵਿਰਧੀ ਧੜੇ ਮੱਖਣ ਬਰਾੜ ਦੇ ਹਲਕੇ ਧਰਮਕੋਟ ’ਚ ਭਾਰੀ ਇਕੱਠ ਕਰਕੇ ਨਵਾਂ ਹਲਕਾ ਇੰਚਾਰਜ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਮ ਲਏ ਬਗੈਰ ਕਿਹਾ ਕਿ ਅਕਾਲੀ ਹਕੂਮਤ ’ਚ ਵੀਆਈਪੀ ਕਲਚਰ ਤੇ ਸਹੂਲਤਾਂ ਦਾ ਆਨੰਦ ਮਾਨਣ ਵਾਲੇ ਹੁਣ ਪਾਰਟੀ ਨੂੰ ਬਦਨਾਮ ਕਰ ਰਹੇ ਹਨ। ਜਥੇਦਾਰ ਮਾਹਲਾ ਨੇ ਸੰਪਰਕ ਕਰਨ ਉੱਤੇ ਵਿਰੋਧੀ ਧੜੇ ਦੀ ਭਰਤੀ ਮੁਹਿੰਮ ਨੂੰ ਗੈਰ-ਵਾਜਬ ਆਖਦਿਆਂ ਕਿਹਾ ਕਿ ਅਕਾਲੀ ਦਲ ਦੀ ਭਰਤੀ ਮੁਹਿੰਮ ਮੁਕੰਮਲ ਹੋ ਚੁੱਕੀ ਹੈ। ਮੋਗਾ ਜ਼ਿਲ੍ਹੇ ਵਿਚ 80 ਹਜ਼ਾਰ ਤੋਂ ਵੱਧ ਭਰਤੀ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਡੈਲੀਗੇਟ ਚੁਣੇ ਜਾ ਚੁੱਕੇ ਹਨ ਅਤੇ ਜਲਦੀ ਹੀ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ਕਰ ਲਈ ਜਾਵੇਗੀ। ਉਨ੍ਹਾਂ ਮੱਖਣ ਬਰਾੜ ਉੱਤੇ ਸੁਆਲ ਚੁੱਕਦਿਆਂ ਕਿਹਾ ਕਿ ਉਹ ਪਾਰਟੀ ਤੋਂ ਬਾਗੀ ਚੱਲ ਰਹੇ ਹਨ ਜਿਸ ਕਾਰਨ ਧਰਮਕੋਟ ’ਚ ਪਾਰਟੀ ਨਵਾਂ ਹਲਕਾ ਇੰਚਾਰਜ ਲਾ ਸਕਦੀ ਹੈ।
ਦੂਜੇ ਪਾਸੇ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਹਲਕੇ ਬਾਘਾਪੁਰਾਣਾ ਵਿਚ ਪਾਰਟੀ ਵਰਕਰਾਂ ਲਈ ਭਰਤੀ ਕੀਤੀ। ਉਨ੍ਹਾਂ ਆਖਿਆ ਪਾਰਟੀ ਤੋਂ ਪਹਿਲਾਂ ਉਨ੍ਹਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਹੈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉੱਤੇ ਹੀ ਭਰਤੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਦੀ ਗੱਲਬਾਤ ਤੋਂ ਲੱਗਦਾ ਹੈ ਕਿ ਬਾਦਲਾਂ ਦੇ ਅਕਾਲੀ ਦਲ ਨੂੰ ਹੋਰ ਝਟਕੇ ਵੀ ਲੱਗ ਸਕਦੇ ਹਨ। ਉਹ ਛੇਤੀ ਹੀ ਕੋਈ ਵੱਡਾ ਧਮਾਕਾ ਕਰਨ ਦੀ ਤਿਆਰੀ ਵਿਚ ਹਨ। ਕਿਆਸਰਾਈਆਂ ਹਨ ਕਿ ਹੁਣ ਇਕ ਹੋਰ ਵੱਡਾ ਫ਼ਰੰਟ ਖੜ੍ਹਾ ਕਰਨ ਦੀ ਤਿਆਰੀ ਹੋ ਰਹੀ ਹੈ ਜੋ ਅਕਾਲੀ ਦਲ ਬਾਦਲ ਨੂੰ ਟੱਕਰ ਦੇਵੇਗਾ।
ਅਕਾਲੀ ਦਲ ਦੇ ਸੰਕਟ ’ਤੇ ਝਾਤ
ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ ਪਰ ਉਹ ਫੁੱਟ ਆਗੂੁਆਂ ਦੀ ਆਪਸੀ ਲੜਾਈ ਕਾਰਨ ਹੁੰਦੀ ਸੀ। ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਾਰਨ ਉਪਜਿਆ ਹੈ। ਸਾਲ 2007 ਤੋਂ 2017 ਤੱਕ ਵਾਪਰੀਆਂ ਘਟਨਾਵਾਂ ਕਾਰਨ ਅਕਾਲੀ ਦੇ ਵੱਕਾਰ ਨੂੰ ਢਾਹ ਲੱਗੀ ਹੈ।