ਮੇਘਨਾ ਗੁਲਜ਼ਾਰ ਦੀ ‘ਦਾਇਰਾ’ ਵਿੱਚ ਨਜ਼ਰ ਆਉਣਗੇ ਕਰੀਨਾ ਤੇ ਪ੍ਰਿਥਵੀਰਾਜ
ਨਵੀਂ ਦਿੱਲੀ:
ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਅਦਾਕਾਰ ਪ੍ਰਿਥਵੀਰਾਜ ਸੁਕੂਮਾਰਨ ਆਉਂਦੇ ਦਿਨੀਂ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਦਾਇਰਾ’ ਵਿੱਚ ਨਜ਼ਰ ਆਉਣਗੇ। ਮੇਘਨਾ ‘ਤਲਵਾੜ’ ਅਤੇ ‘ਰਾਜ਼ੀ’ ਵਰਗੀਆਂ ਫਿਲਮਾਂ ਦੇ ਨਿਰਦੇਸ਼ਨ ਲਈ ਮਸ਼ਹੂਰ ਹੈ। ਫਿਲਮ ਦਾ ਨਿਰਮਾਣ ਜੰਗਲੀ ਪਿਕਚਰਜ਼ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ‘ਦਾਇਰਾ’ ਕ੍ਰਾਈਮ ਡਰਾਮਾ ਥ੍ਰਿਲਰ ਫਿਲਮ ਹੈ। ਇਸ ਦੀ ਕਹਾਣੀ ਯਸ਼ ਕੇਸਵਾਨੀ ਅਤੇ ਸੀਮਾ ਅਗਰਵਾਲ ਨੇ ਮਿਲ ਕੇ ਲਿਖੀ ਹੈ। ਕਰੀਨਾ ਕਪੂਰ ਨੇ ਇਸ ਬਾਰੇ ਕਿਹਾ, ‘ਹਿੰਦੀ ਸਿਨੇਮਾ ਵਿੱਚ 25 ਸ਼ਾਨਦਾਰ ਸਾਲਾਂ ਦਾ ਜਸ਼ਨ ਮਨਾਉਂਦਿਆਂ ਮੈਂ ਆਪਣੀ ਅਗਲੀ ਫਿਲਮ ‘ਦਾਇਰਾ’ ਦਾ ਐਲਾਨ ਕਰਨ ਲਈ ਉਤਸ਼ਾਹਿਤ ਹਾਂ। ਮੇਘਨਾ ਗੁਲਜ਼ਾਰ ਨਾਲ ਕੰਮ ਕਰਨਾ ਸੁਫਨਾ ਸਾਕਾਰ ਹੋਣ ਵਰਗਾ ਹੈ। ਮੈਂ ਲੰਬੇ ਸਮੇਂ ਤੋਂ ਉਸ ਦੇ ਕੰਮ ਦੀ ਪ੍ਰਸ਼ੰਸਕ ਰਹੀ ਹਾਂ। ਪ੍ਰਿਥਵੀਰਾਜ ਵਰਗੇ ਅਦਾਕਾਰ ਨਾਲ ਕੰਮ ਕਰਨਾ ਵੀ ਮੇਰੇ ਲਈ ਖਾਸ ਹੈ। ਫਿਲਮ ਦੀ ਕਹਾਣੀ ਮੈਨੂੰ ਬਹੁਤ ਪਸੰਦ ਆਈ।’ ਪ੍ਰਿਥਵੀਰਾਜ ਨੇ ਕਿਹਾ, ‘ਜਦੋਂ ਮੈਨੂੰ ਫਿਲਮ ਦੀ ਕਹਾਣੀ ਸੁਣਾਈ, ਮੈਨੂੰ ਲੱਗਾ ਕਿ ਇਹ ਫਿਲਮ ਮੈਨੂੰ ਜ਼ਰੂਰ ਕਰਨੀ ਚਾਹੀਦੀ ਹੈ।’ ਮੇਘਨਾ ਗੁਲਜ਼ਾਰ ਨੇ ਕਿਹਾ ਕਿ ਸਹਿ ਲੇਖਕਾਂ ਸੀਮਾ ਅਤੇ ਯਸ਼ ਨਾਲ ਕੰਮ ਕਰਨਾ ਚੁਣੌਤੀਪੂਰਨ ਅਤੇ ਦਿਲਚਸਪ ਦੋਵੇਂ ਸੀ। ਜੰਗਲੀ ਪਿਕਚਰਜ਼ ਦੀ ਮੁੱਖ ਕਾਰਜਕਾਰੀ ਅਧਿਕਾਰੀ ਅੰਮ੍ਰਿਤਾ ਪਾਂਡੇ ਨੇ ਮੇਘਨਾ ਦੀ ਸੰਵੇਦਨਸ਼ੀਲਤਾ, ਕਲਾਤਮਕਤਾ ਅਤੇ ਮਨੋਰੰਜਨ ਤੇ ਸਮੱਗਰੀ ਵਿਚਾਲੇ ਸੰਤੁਲਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਫਿਲਮ ਦੀ ਕਹਾਣੀ ਮੌਜੂਦਾ ਸਮੇਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਨਜਿੱਠਦੀ ਹੈ। -ਪੀਟੀਆਈ