ਮਿੱਡ-ਡੇਅ-ਮੀਲ ’ਚ ਬੱਚਿਆਂ ਨੂੰ ਪੂਰੀਆਂ-ਛੋਲੇ ਦੇਣ ’ਤੇ ਉੱਠੇ ਸਵਾਲ
ਸਤਵਿੰਦਰ ਬਸਰਾ
ਲੁਧਿਆਣਾ, 3 ਜਨਵਰੀ
ਨਵੇਂ ਆਦੇਸ਼ਾਂ ਅਨੁਸਾਰ ਪਹਿਲੀ ਜਨਵਰੀ ਤੋਂ ਸਰਕਾਰੀ ਸਕੂਲਾਂ ਦੇ ਮਿੱਡ-ਡੇਅ-ਮੀਲ ਵਿੱਚ ਕੀਤੀ ਤਬਦੀਲੀ ਤਹਿਤ ਅੱਜ ਬੱਚਿਆਂ ਨੂੰ ਪੂਰੀਆਂ-ਛੋਲੇ ਦਿੱਤੇ ਗਏ। ਮਾਂਗਟ-1 ਦੇ 51 ਸਰਕਾਰੀ ਸਕੂਲਾਂ ਵਿੱਚ ਇਹ ਸਕੀਮ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਨੇ ਜਿੱਥੇ ਅਜਿਹੇ ਭੋਜਨ ਦੀ ਪੌਸ਼ਟਿਕਤਾ ’ਤੇ ਸਵਾਲ ਖੜ੍ਹੇ ਕੀਤੇ ਹਨ ਉੱਥੇ ਅਧਿਆਪਕਾਂ ’ਤੇ ਹੋਰ ਬੋਝ ਪੈਣ ਦਾ ਖਦਸ਼ਾ ਪ੍ਰਗਟਾਇਆ ਹੈ। ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਮਿੱਡ-ਡੇ-ਮੀਲ ਦੌਰਾਨ ਨਵੀਂ ਸਕੀਮ ਬੀਤੀ ਪਹਿਲੀ ਜਨਵਰੀ ਤੋਂ ਲਾਗੂ ਹੋ ਗਈ ਹੈ। ਇਸ ਸਕੀਮ ਤਹਿਤ ਹੁਣ ਮਿਡ-ਡੇਅ-ਮੀਲ ਵਿੱਚ ਵਿਦਿਆਰਥੀਆਂ ਨੂੰ ਸੋਮਵਾਰ ਇੱਕ-ਇੱਕ ਕੇਲਾ ਅਤੇ ਬੁੱਧਵਾਰ ਨੂੰ ਪੂਰੀਆਂ ਅਤੇ ਛੋਲੇ ਦਿੱਤੇ ਜਾਣਗੇ। ਅੱਜ ਸ਼ਹਿਰ ਦੇ ਵੱਖ ਵੱਖ ਸਰਕਾਰੀ ਸਕੂਲਾਂ ’ਚ ਮਿਡ-ਡੇ-ਮੀਲ ਤਹਿਤ ਅੱਜ ਪਹਿਲੀ ਵਾਰ ਪੂਰੀਆਂ ਅਤੇ ਛੋਲਿਆਂ ਦੀ ਸਬਜ਼ੀ ਦਿੱਤੀ ਗਈ। ਸੂਤਰਾਂ ਅਨੁਸਾਰ ਸੋਮਵਾਰ ਨੂੰ ਦਿੱਤੇ ਜਾਣ ਵਾਲੇ ਕੇਲੇ ਲਈ ਸਰਕਾਰ ਵੱਲੋਂ ਪ੍ਰਤੀ ਵਿਦਿਆਰਥੀ 5 ਰੁਪਏ ਵਾਧੂ ਗ੍ਰਾਂਟ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਹਿਲੀ ਤੋਂ ਪੰਜਵੀਂ ਤੱਕ ਮਿਡ-ਡੇ-ਮੀਲ ਗ੍ਰਾਂਟ 5 ਰੁਪਏ 45 ਪੈਸੇ, ਛੇਵੀਂ ਤੋਂ ਅੱਠਵੀਂ ਤੱਕ ਲਈ 8 ਰੁਪਏ 17 ਪੈਸੇ ਗ੍ਰਾਂਟ ਆਉਂਦੀ ਹੈ। ਉੱਧਰ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਮਾਨ, ਪਰਮਜੀਤ ਰਸੂਲਪੁਰ, ਇਕਬਾਲ ਸਿੰਘ, ਜਸਬੀਰ ਵਰਮਾ ਆਦਿ ਨੇ ਕਿਹਾ ਕਿ ਕਾਲੇ ਛੋਲੇ, ਦਲੀਆ, ਪੁੰਗਰੀਆਂ ਦਾਲਾਂ ਅਤੇ ਖਿਚੜੀ ਆਦਿ ਖੁਰਾਕ ਵੱਧ ਪੌਸ਼ਟਿਕ ਮੰਨੀ ਜਾਂਦੀ ਹੈ। ਮੌਜੂਦਾ ਸਮੇਂ ਜਿੱਥੇ ਡਾਕਟਰ ਵੀ ਲੋਕਾਂ ਨੂੰ ਤਲੀਆਂ ਚੀਜ਼ਾਂ ਨਾ ਖਾਣ ਦੀ ਸਲਾਹ ਦੇ ਰਹੇ ਹਨ ਉੱਥੇ ਇਸ ਸਕੀਮ ਤਹਿਤ ਬੱਚਿਆਂ ਨੂੰ ਪੂਰੀਆਂ ਦੇਣੀਆਂ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਹਰ ਦਾਲ ਅਤੇ ਸਬਜ਼ੀ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ ਅਤੇ ਉਪਰੋਂ ਪੂਰੀਆਂ ਬਣਾਉਣ ਲਈ ਤੇਲ ਦਾ ਹੋਰ ਵਾਧੂ ਖਰਚਾ ਪੈ ਗਿਆ ਹੈ। ਅਜਿਹਾ ਹੋਣ ਨਾਲ ਅਧਿਆਪਕਾਂ ਦੇ ਸਿਰ ਹੋਰ ਖਰਚਾ ਪੈਣ ਦੀ ਵੀ ਸੰਭਾਵਨਾ ਬਣ ਗਈ ਹੈ। ਬਲਾਕ ਮਾਂਗਟ-1 ਦੇ ਬੀਪੀਈਓ ਰਮਨਜੀਤ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ਬਲਾਕ ਵਿੱਚ ਪੈਂਦੇ 51 ਸਰਕਾਰੀ ਸਕੂਲਾਂ ਵਿੱਚ ਨਵੀਂ ਮਿਡ-ਡੇ-ਮੀਲ ਸਕੀਮ ਤਹਿਤ ਅੱਜ ਪੂਰੀਆਂ-ਛੋਲੇ ਦਿੱਤੇ ਗਏ।