ਮਾਲਵੇ ’ਚ ਲਗਾਤਾਰ ਘੱਟ ਰਿਹੈ ਨਰਮੇ ਹੇਠਲਾ ਰਕਬਾ
ਜੋਗਿੰਦਰ ਸਿੰਘ ਮਾਨ
ਮਾਨਸਾ, 16 ਮਾਰਚ
ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਨਰਮੇ ਦੇ ਬਿਜਾਈ ਵਾਲੇ ਸੀਜ਼ਨ ਤੋਂ ਪਹਿਲਾਂ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਨਦੀਨ ਨਸ਼ਟ ਕਰਨ ਦੀ ਮੁਹਿੰਮ ਆਰੰਭ ਕਰ ਦਿੱਤੀ ਗਈ ਹੈ। ਵਿਭਾਗ ਵੱਲੋਂ ਇਹ ਮੁਹਿੰਮ ਨਰਮੇ ਹੇਠਾਂ ਲਗਾਤਾਰ ਘੱਟ ਰਹੇ ਰਕਬੇ ਨੂੰ ਵਧਾਉਣ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਅੱਕ ਕੇ ਲਗਾਤਾਰ ਕਿਸਾਨ ਸਾਉਣੀ ਦੀ ਮੁੱਖ ਫ਼ਸਲ ਨਰਮੇ ਹੇਠੋਂ ਰਕਬਾ ਘਟਾ ਕੇ ਝੋਨੇ ਨੂੰ ਤਰਜੀਹ ਦੇਣ ਲੱਗੇ ਹਨ, ਜੋ ਸਰਕਾਰ ਲਈ ਇਸ ਵੇਲੇ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਨਰਮੇ ਦੀ ਫਸਲ ਵਿੱਚ ਚਿੱਟੀ ਮੱਖੀ ਤੋਂ ਬਚਾਅ ਲਈ ਅਗੇਤੇ ਪ੍ਰਬੰਧ ਕਰਕੇ ਨਰਮੇ ਦੀ ਫ਼ਸਲ ਦਾ ਰਕਬਾ ਵਧਾਉਣਾ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਤਕਨੀਕੀ ਕੈਂਪ ਲਾ ਕੇ ਕਿਸਾਨਾਂ ਨੂੰ ਬਦਲਵੇਂ ਨਦੀਨਾਂ ਜਿਵੇਂ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠਕੰਡਾ ਆਦਿ ’ਤੇ ਚਿੱਟੀ ਮੱਖੀ ਰਹਿੰਦੀ ਹੈ ਅਤੇ ਅਨੁਕੂਲ ਵਾਤਾਵਰਨ ਆਉਣ ’ਤੇ ਇਹ ਮੱਖੀ ਆਪਣੀ ਸੰਖਿਆ ਵਧਾ ਲੈਂਦੀ ਹੈ ਅਤੇ ਨਰਮੇ ਦੀ ਫਸਲ ਨੂੰ ਨੁਕਸਾਨ ਕਰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠਕੰਡਾ, ਜੋ ਆਮ ਤੌਰ ’ਤੇ ਸੜਕਾਂ ਦੇ ਕਿਨਾਰਿਆਂ, ਨਹਿਰਾਂ, ਕੱਸੀਆਂ, ਡਰੇਨਾਂ ਦੇ ਕੰਡਿਆਂ ਅਤੇ ਖੇਤਾਂ ਵਿੱਚ ਖਾਲੀ ਥਾਵਾਂ ਵਿੱਚ ਪਾਏ ਜਾਂਦੇ ਹਨ ਉਨ੍ਹਾਂ ਨੂੰ ਨਸ਼ਟ ਕਰਕੇ ਟੋਏ ਵਿੱਚ ਦੱਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਆਪਣੇ ਖੇਤਾਂ ਦਾ ਆਲਾ ਦੁਆਲਾ ਸਾਫ ਰੱਖਿਆ ਜਾਵੇ। ਖੇਤੀ ਮਾਹਿਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪੰਜਾਬ ਮੰਡੀ ਬੋਰਡ, ਜੰਗਲਾਤ ਵਿਭਾਗ, ਪੀਡਬਲਯੂਡੀ, ਸਕੂਲ ਸਿੱਖਿਆ ਵਿਭਾਗ, ਪੇਂਡੂ ਵਿਕਾਸ ਵਿਭਾਗ/ਮਨਰੇਗਾ, ਸਿੰਚਾਈ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਮੁਹਿੰਮ ਤਹਿਤ ਆਪਣੇ ਅਧੀਨ ਆਉਂਦੇ ਰਕਬੇ ਵਿੱਚ ਨਦੀਨਾਂ ਦੀ ਸਫਾਈ ਕਰਵਾਉਣ ਲਈ ਕਿਹਾ ਗਿਆ। ਇਸ ਮੌਕੇ ਡਾ. ਹਰਬੰਸ ਸਿੰਘ, ਜਸਲੀਨ ਕੌਰ ਧਾਲੀਵਾਲ, ਸੁਖਜਿੰਦਰ ਸਿੰਘ, ਗੁਰਬਖਸ਼ ਸਿੰਘ, ਸੁਖਵਿੰਦਰ ਸਿੰਘ ਤੇ ਧਰਮਪਾਲ ਸਿੰਘ ਵੀ ਮੌਜੂਦ ਸਨ।