ਮਾਲਵਾ ਸਾਹਿਤ ਸੱਭਿਆਚਾਰ ਸੁਸਾਇਟੀ ਵੱਲੋਂ ਸੱਭਿਆਚਾਰਕ ਮੇਲਾ
ਪਟਿਆਲਾ, 8 ਅਪਰੈਲ
ਮਾਲਵਾ ਸਾਹਿਤ ਸੱਭਿਆਚਾਰ ਸੁਸਾਇਟੀ ਪਟਿਆਲਾ ਪੰਜਾਬ ਵੱਲੋਂ ਪ੍ਰਧਾਨ ਗੁਰਸੇਵਕ ਲੰਬੀ ਦੀ ਪ੍ਰਧਾਨਗੀ ਹੇਠ ਬਾਰ੍ਹਵਾਂ ਸੱਭਿਆਚਾਰਕ ਮੇਲਾ ਚਿਨਾਰ ਬਾਗ਼ ਕਲੋਨੀ ਵਿੱਚ ਕਰਵਾਇਆ ਗਿਆ। ਮੇਲੇ ਵਿੱਚ ਵੱਖ-ਵੱਖ ਲੋਕ ਗਾਇਕਾਂ ਨੇ ਜਿੱਥੇ ਲੋਕ ਗੀਤਾਂ ਨਾਲ ਰੰਗ ਬੰਨ੍ਹਿਆ ਉੱਥੇ ਸੂਫ਼ੀ ਸੰਗੀਤ ਦਾ ਰੰਗ ਵੀ ਬਖੇਰਿਆ ਗਿਆ। ਡਾ. ਲੰਬੀ ਨੇ ਕਿਹਾ ਸੰਸਥਾ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਸਾਹਿਤ ਸੱਭਿਆਚਾਰ ਨਾਲ ਜੁੜੀਆਂ ਗਤੀਵਿਧੀਆਂ ਕਰ ਰਹੀ ਹੈ ਜਿਸ ਵਿਚ ਸਭਿਆਚਾਰਕ ਮੇਲੇ ਕਰਾਉਣੇ, ਨਾਟਕ, ਰੰਗਮੰਚ ਦੀਆਂ ਗਤੀਵਿਧੀਆਂ ਅਤੇ ਸਰਕਾਰੀ ਸਕੂਲਾਂ ਵਿੱਚ ਮਾਹਿਰ ਵਿਦਵਾਨਾਂ ਦੇ ਭਾਸ਼ਣ ਕਰਵਾਉਣੇ ਸ਼ਾਮਲ ਹਨ। ਰੰਗਮੰਚ ਅਤੇ ਸੱਭਿਆਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਹੀ ਸੱਭਿਆਚਾਰਕ ਮੇਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ। ਮੇਲੇ ਵਿੱਚ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਜਯਵਰਧਨ ਦੀ ਰਚਨਾ ਦਾ ਰੂਪਨਤਰਨ ਕਰਦਿਆਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨ ਹੇਠ ‘ਕਰ ਲਓ ਘਿਓ ਨੂੰ ਭਾਂਡਾ’ ਨਾਟਕ ਖੇਡਿਆ ਗਿਆ। ਇਸ ਤੋਂ ਪਹਿਲਾਂ ਮੇਲੇ ਦਾ ਉਦਘਾਟਨ ਇੰਦਰਜੀਤ ਸਿੰਘ ਸੰਧੂ ਵਾਈਸ ਚੇਅਰਮੈਨ ਕੰਟੇਨਰ ਐਂਡ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ ਕੀਤਾ। ਸਿਮਰਨਜੀਤ ਕੌਰ ਪਠਾਣਮਾਜਰਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰੋ. ਸਤੀਸ਼ ਕੁਮਾਰ ਵਰਮਾ ਨੇ ਮੇਲੇ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਪਰਗਟ ਦੁੱਲੇਵਾਲ, ਪਵਨ ਸਰਵਰ, ਹੈਰੀ ਸਿੰਘ ਬਰਾੜ, ਸੰਗਰਾਮ ਅਟਾਲ ਅਤੇ ਮਾਧਵ ਨੇ ਆਪਣੇ ਗੀਤਾਂ ਦੇ ਨਾਲ ਹਾਜ਼ਰੀ ਲਵਾਈ। ਗੁਰਵਿੰਦਰ ਸਿੰਘ ਸੋਨੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਰਾਜਿੰਦਰ ਪਾਲ ਸਿੰਘ ਬਰਾੜ, ਡਾ. ਕੁਲਦੀਪ ਸਿੰਘ ਦੀਪ, ਡਾ. ਯੋਗੇਸ਼ ਗੰਭੀਰ, ਡਾ. ਕੁਲਪਿੰਦਰ ਸ਼ਰਮਾ, ਸੰਦੀਪ ਖੁਰਾਣਾ, ਡਾ. ਜੱਗਾ ਸਿੰਘ, ਐਡਵੋਕੇਟ ਰਜਿੰਦਰ ਮੋਹਲ, ਗੋਬਿੰਦਰ ਸਿੰਘ, ਗੁਰਪ੍ਰੀਤ ਖੰਨਾ ਤੇ ਸ਼ਾਇਰ ਸਤਪਾਲ ਭੀਖੀ ਆਦਿ ਹਾਜ਼ਰ ਸਨ।