ਮਾਰਕੀਟ ਕਮੇਟੀ ਦੇ ਸਕੱਤਰ ਵੱਲੋਂ ਖਰੀਦ ਪ੍ਰਬੰਧਾਂ ਦਾ ਜਾਇਜ਼ਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਅਪਰੈਲ
ਮਾਰਕੀਟ ਕਮੇਟੀ ਬਾਬੈਨ ਦੇ ਸਕੱਤਰ ਗੁਰਮੀਤ ਸਿੰਘ ਸੈਣੀ ਨੇ ਕਣਕ ਦੇ ਸੀਜ਼ਨ ਦੇ ਮੱਦੇਨਜ਼ਰ ਅਨਾਜ ਮੰਡੀ ਬਾਬੈਨ ਦਾ ਦੌਰਾ ਕਰ ਕੇ ਮੰਡੀ ’ਚ ਸਾਫ-ਸਫਾਈ, ਪੀਣ ਵਾਲਾ ਪਾਣੀ ਅਤੇ ਬਿਜਲੀ ਆਦਿ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਮੰਡੀ ਵਿਚ ਕਿਸਾਨਾਂ ਤੇ ਵਪਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਕਣਕ ਦੀ ਖਰੀਦ ਅਤੇ ਚੁਕਾਈ ਦੀ ’ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਗੁਰਮੀਤ ਸਿੰਘ ਨੇ ਮੰਡੀ ਵਿਚ ਸਫ਼ਾਈ ਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਸਾਲ ਮੰਡੀ ਵਿਚ ਸਫਾਈ ਪ੍ਰਬੰਧਾਂ ਦੀ ਜ਼ਿੰਮੇਵਾਰੀ ਅਨਾਜ ਮੰਡੀ ਐਸੋਸੀਏਸ਼ਨ ਨੂੰ ਸੌਂਪੀ ਗਈ ਹੈ। ਉਨ੍ਹਾਂ ਮੰਡੀ ਵਿਚ ਮੌਜੂਦ ਵਪਾਰੀਆਂ ਤੇ ਕਿਸਾਨਾਂ ਨਾਲ ਮੁਲਾਕਾਤ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕਣਕ ਦੇ ਸੀਜ਼ਨ ਵਿਚ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਏਗੀ।
ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਮੰਡੀ ਵਿਚ ਬਾਰਦਾਨਾ ਤੇ ਬਿਜਲੀ ਸਪਲਾਈ ਦੇ ਵੀ ਨਿਰਦੇਸ਼ ਦਿੱਤੇ। ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਤੇ ਪਖਾਨਿਆਂ ਦੀ ਸਫ਼ਾਈ ਬਾਰੇ ਵੀ ਆਖਿਆ।
ਮੰਡੀ ਐਸੋਸੀਏਸ਼ਨ ਵਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਨਾਇਬ ਸਿੰਘ ਪਟਾਕ ਮਾਜਰਾ, ਉਪਦੇਸ਼ ਸ਼ਰਮਾ, ਅਸ਼ਵਨੀ ਸਿੰਗਲਾ, ਫੂਡ ਤੇ ਸਪਲਾਈ ਵਿਭਾਗ
ਦੇ ਨਿਰੀਖਕ ਬ੍ਰਿਜ ਮੋਹਨ ਸ਼ਰਮਾ ਆਦਿ ਮੌਜੂਦ ਸਨ।