ਬੀਪੀਐੱਲ ’ਚ ਸ਼ਾਮਲ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਧਮਕੀਆਂ: ਅਰੋੜਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਅਪਰੈਲ
ਥਾਨੇਸਰ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਵੋਟਾਂ ਹਾਸਲ ਕਰਨ ਲਈ ਲੋਕਾਂ ਦੇ ਨਾਂ ਬੀਪੀਐੱਲ ’ਚ ਸ਼ਾਮਲ ਕੀਤੇ ਸਨ ਪਰ ਹੁਣ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਧਮਕੀ ਦਿੱਤੀ ਜਾ ਰਹੀ ਹੈ ਜਾਂ ਤਾਂ ਖੁਦ ਇਸ ਨੂੰ ਹਟਾਓ ਜਾਂ ਉਨ੍ਹਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਸਸਤੀ ਰਾਜਨੀਤੀ ਹੈ। ਸਰਕਾਰ ਦਾ ਸਿਰਫ ਇਕ ਹੀ ਮਕਸਦ ਹੈ ਕਿ ਲੋਕਾਂ ਦੀਆਂ ਜੇਬਾਂ ਲੁੱਟਣਾ ਤੇ ਉਨ੍ਹਾਂ ਨੂੰ ਡਰਾਉਣਾ। ਅਰੋੜਾ ਆਪਣੇ ਇਕ ਨਿੱਜੀ ਅਦਾਰੇ ’ਚ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਰਹੇ ਸਨ। ਅਰੋੜਾ ਨੇ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਸੰਬੰਧੀ ਆਪਣੀ ਆਵਾਜ਼ ਬੁਲੰਦ ਕੀਤੀ ਤੇ ਉਨ੍ਹਾਂ ਨੇ ਪੰਜ ਧਿਆਨ ਪ੍ਰਸਤਾਵ ਪੇਸ਼ ਕੀਤੇ, ਜਿਨ੍ਹਾਂ ’ਚ ਚਾਰ ਪ੍ਰਸਤਾਵ ਕੁਰੂਕਸ਼ੇਤਰ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਭਾਜਪਾ ਲੰਮੇ ਸਮੇਂ ਤੋਂ ਪ੍ਰਚਾਰ ਕਰ ਰਹੀ ਹੈ ਕੁਰੂਕਸ਼ੇਤਰ ਵਿਚ ਇਕ ਰਿੰਗ ਰੋਡ ਬਣਾਇਆ ਜਾਏਗਾ। ਉਨਾਂ ਨੇ ਇਸ ਸੰਬੰਧੀ ਵਿਧਾਨ ਸਭਾ ਵਿੱਚ ਸਵਾਲ ਚੁੱਕਿਆ ਸੀ, ਜਿਸ ਦਾ ਸਰਕਾਰ ਨੇ ਸਪੱਸ਼ਟ ਜਵਾਬ ਦਿੱਤਾ ਹੈ ਕਿ ਫਿਲਹਾਲ ਕੁਰੂਕਸ਼ੇਤਰ ’ਚ ਰਿੰਗਰੋਡ ਦੀ ਕੋਈ ਯੋਜਨਾ ਨਹੀਂ ਪਰ ਸਰਕਾਰ ਨੇ ਕਿਹਾ ਹੈ ਕਿ ਬਾਈਪਾਸ ਪਿਹੋਵਾ ਲਾਡਵਾ ਸੜਕ ਦੇ ਨਾਲ ਬਣਾਇਆ ਜਾਏਗਾ। ਇਸ ਤੇ ਉਨ੍ਹਾਂ ਨੇ ਸੜਕ ਚੌੜਾ ਕਰਨ ਲਈ ਕਿਹਾ ਤਾਂ ਸਰਕਾਰ ਨੇ ਭਰੋਸਾ ਦਿੱਤਾ ਕਿ ਸੜਕ ਨੂੰ ਚੌੜਾ ਕੀਤਾ ਜਾਏਗਾ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਗਾਵਾਂ ਦੀ ਦੁਰਦਸ਼ਾ ਦਾ ਮੁੱਦਾ ਵੀ ਚੁੱਕਿਆ ਸੀ ਸਰਕਾਰ ਵੱਲੋਂ ਗਊਸ਼ਾਲਾਵਾਂ ਨੂੰ ਪ੍ਰਤੀ ਗਾਂ 20 ਰੁਪਏ ਦਿੱਤੇ ਜਾ ਰਹੇ ਹਨ ਜਦਕਿ ਖਰਚਾ ਪ੍ਰਤੀ ਗਾਂ 100 ਰੁਪਏ ਤੋਂ ਵੱਧ ਆਉਂਦਾ ਹੈ। ਸਰਕਾਰ ਨੂੰ ਗਊ ਫੰਡ ਵਧਾਉਣਾ ਚਾਹੀਦਾ ਹੈ। ਆਵਾਰਾ ਕੁੱਤਿਆਂ ਦੀ ਭਰਮਾਰ ਹੈ, ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ।
ਸਕੂਲਾਂ ਦੀਆਂ ਇਮਾਰਤਾਂ ਖੰਡਰ ਹੋ ਰਹੀਆਂ ਹਨ, ਸਕੂਲਾਂ ਵਿੱਚ ਪਖ਼ਾਨੇ ਨਹੀਂ। ਸ਼ਹਿਰ ਦੇ ਬ੍ਰਹਮ ਸਰੋਵਰ ਦੀ ਪ੍ਰਰਿਕਰਮਾ ਦੇ ਪੱਥਰ ਟੁੱਟੇ ਪਏ ਹਨ ਉਨ੍ਹਾਂ ਨੇ ਸੂਬੇ ’ਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਵੱਲ ਵੀ ਸਰਕਾਰ ਦਾ ਧਿਆਨ ਦਿਵਾਇਆ। ਉਨਾਂ ਬਿਜਲੀ ਬਿੱਲ, ਟੌਲ ਦੇ ਰੇਟ ਵਧਾਉਣ ਦੀ ਨਿਧੇਧੀ ਕੀਤੀ। ਅਰੋੜਾ ਨੇ ਕਿਹਾ ਕਿ ਕਣਕ ਦਾ ਸੀਜ਼ਨ ਸ਼ੁਰੂ ਹੋ ਗਿਆ ਹੇ ਤੇ ਉਹ ਖ਼ਰੀਦ ਪ੍ਰਬੰਧਾਂ ’ਤੇ ਪੂਰੀ ਤਰ੍ਹਾਂ ਨਜ਼ਰ ਰੱਖਣਗੇ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਏ। ਉਨ੍ਹਾਂ ਨੇ ਨਗਰ ਪਰਿਸ਼ਦ ਚੇਅਰਪਰਸਨ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ।