ਮਜ਼ਦੂਰ ਮੁਕਤੀ ਮੋਰਚਾ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਲਹਿਰਾਗਾਗਾ, 22 ਅਪਰੈਲ
ਇਥੇ ਇਕ ਫਾਇਨਾਂਸਰ ਵੱਲੋਂ ਆਪਣੇ ਕਰਜ਼ਦਾਰਾਂ ਖ਼ਿਲਾਫ਼ ਬੇਲੋੜਾ ਵਿਆਜ ਲਾਉਣ ਅਤੇ ਜਬਰੀ ਘਰ ’ਤੇ ਕਬਜ਼ਾ ਕਰਨ ਖ਼ਿਲਾਫ਼ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਦੀ ਅਗਵਾਈ ਵਿੱਚ ਐੱਸਡੀਐੱਮ ਦਫ਼ਤਰ ਲਹਿਰਾਗਾਗਾ ਅੱਗੇ ਪੱਕਾ ਧਰਨਾ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕੀਤੀ। ਫਾਇਨਾਂਸਰ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਔਰਤ ਨਾਲ ਦਸ ਸਾਲ ਤੋਂ ਵੱਧ ਰੌਲਾ ਸੀ। ਸਿਟੀ ਪੁਲੀਸ ਨੇ ਕਥਿਤ ਫਾਇਨਾਂਸਰ ਖ਼ਿਲਾਫ਼ ਕੇਸ ਦਰਜ ਕੀਤਾ ਹੋਇਆ ਹੈ। ਉਧਰ ਮਜ਼ਦੂਰ ਮੁਕਤੀ ਮੋਰਚਾ ਨੇ ਐੱਸਡੀਐੱਮ ਦਫਤਰ ਅੱਗੇ ਪਰਿਵਾਰ ਨਾਲ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਨੌਜਵਾਨ ਗੁਰਦੀਪ ਸਿੰਘ ਝੰਡੂ, ਪ੍ਰਗਟ ਸਿੰਘ ਬੱਗਾ ਨੇ ਕਿਹਾ ਕਿ ਪੀੜਤ ਰਾਣੀ ਨੇ
ਇਨਸਾਫ਼ ਲੈਣ ਲਈ ਐੱਸਐੱਸਪੀ ਸੰਗਰੂਰ, ਮੁੱਖ ਮੰਤਰੀ ਭਗਵੰਤ ਮਾਨ , ਕੈਬਨਿਟ ਮੰਤਰੀ ਵਰਿੰਦਰ ਕੁਮਾਰ ਗੋਇਲ ਨੂੰ ਇਨਸਾਫ ਦੇਣ ਲਈ ਦਰਖ਼ਾਸਤਾਂ ਦੇ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਤਰੁੰਤ ਮਕਾਨ ਦਾ ਕਬਜ਼ਾ ਛੁਡਾ ਕੇ ਪੀੜਤਾਂ ਦਾ ਘਰ ਵਸੇਬਾ ਕਰਵਾਇਆ ਜਾਵੇ ਤੇ ਪੀੜਤ ਪਰਿਵਾਰਾਂ ਨੂੰ ਜਲਦੀ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਸਤਨਾਮ ਸਿੰਘ, ਭੋਲਾ ਸਿੰਘ ਲਹਿਰਾ ਤੇ ਪੀੜਤ ਪਰਿਵਾਰ ਦੇ ਮੈਂਬਰ ਹਾਜ਼ਰ ਸਨ ।
ਉਧਰ ਫਾਇਨਾਂਸਰ ਬਲਜੀਤ ਸਿੰਘ ਨੇ ਕਿਹਾ ਕਿ ਉਸਦੇ ਪੈਸੇ ਵਾਪਸ ਕਰਨ ਦਾ ਝਗੜਾ ਹੈ ਅਤੇ ਉਕਤ ਔਰਤ ਨੇ ਪੈਸੇ ਵਾਪਸ ਕਰਨ ਦੀ ਬਜਾਏ ਜਥੇਬੰਦੀ ਨੂੰ ਗੁਮਰਾਹ ਕੀਤਾ ਹੈ।