ਭਾਰਤ ਮਾਲਾ ਪ੍ਰਾਜੈਕਟ: ਕਿਸਾਨਾਂ ਅੱਗੇ ਪ੍ਰਸ਼ਾਸਨ ਬੇਵੱਸ
ਸੰਤੋਖ ਗਿੱਲ
ਗੁਰੂਸਰ ਸੁਧਾਰ, 3 ਜਨਵਰੀ
‘ਭਾਰਤ ਮਾਲਾ ਪ੍ਰਾਜੈਕਟ’ ਤਹਿਤ ਜ਼ਮੀਨਾਂ ਗ੍ਰਹਿਣ ਕਰਨ ਤੇ ਨਿਸ਼ਾਨਦੇਹੀ ਦੀਆਂ ਬੁਰਜੀਆਂ ਲਾਉਣ ਆਏ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਨੂੰ ਕਿਸਾਨਾਂ ਨੇ ਦੂਜੇ ਦਿਨ ਵੀ ਬੇਰੰਗ ਮੋੜ ਦਿੱਤਾ ਅਤੇ ਵਾਪਸ ਜਾਣ ਲਈ ਮਜਬੂਰ ਕਰ ਦਿੱਤਾ ਗਿਆ। ਪਿੰਡ ਬੱਲੋਵਾਲ, ਕੋਟਆਗਾਂ, ਕਾਲਖ ਅਤੇ ਜੁੜਾਹਾਂ ਵਿੱਚ ਬੁਰਜੀਆਂ ਲਾਉਣ ਐੱਸ.ਡੀ.ਐੱਮ ਸਮਰਾਲਾ ਰਜਨੀਸ਼ ਅਰੋੜਾ ਅਤੇ ਐੱਸ.ਡੀ.ਐੱਮ ਪੱਛਮੀ ਹਰਜਿੰਦਰ ਸਿੰਘ ਭਾਰੀ ਪੁਲੀਸ ਫੋਰਸ ਸਮੇਤ ਪੁੱਜੇ ਸਨ। ਕਾਲਖ ਚੌਂਕ ਵਿੱਚ ਰੋਡ ਸੰਘਰਸ਼ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਕਿਯੂ (ਸਿੱਧੂਪੁਰ) ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਧਰਨਾ ਦਿੱਤਾ ਗਿਆ ਅਤੇ ਮਹੌਲ ਤਣਾਅਪੂਰਨ ਬਣਿਆ ਰਿਹਾ। ਆਖ਼ਰ ਪ੍ਰਸ਼ਾਸਨ ਨੂੰ ਪੈਰ ਪਿਛਾਂਹ ਖਿੱਚਣ ਲਈ ਮਜਬੂਰ ਕਰ ਦਿੱਤਾ ਗਿਆ।
ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਪੁਲੀਸ ਅਧਿਕਾਰੀ ਸੰਦੀਪ ਵਡੇਰਾ, ਉਪ ਪੁਲੀਸ ਕਪਤਾਨ ਗੁਰਇਕਬਾਲ ਸਿੰਘ ਅਤੇ ਥਾਣਾ ਡੇਹਲੋਂ ਦੇ ਮੁਖੀ ਪਰਮਦੀਪ ਸਿੰਘ ਸਮੇਤ ਹੋਰ ਅਨੇਕਾਂ ਅਧਿਕਾਰੀ ਭਾਰੀ ਪੁਲੀਸ ਫੋਰਸ ਸਮੇਤ ਮੌਜੂਦ ਸਨ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅਖੌਤੀ ਕਿਸਾਨ ਪੱਖੀ ਸੂਬਾ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਸਰਕਾਰਾਂ ਉਪਰ ਕਾਰਪੋਰੇਟਾਂ ਦਾ ਪੱਖ ਪੂਰਨ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਸਹਿਮਤੀ ਨਾਲ ਮਸਲਾ ਹੱਲ ਕਰ ਲੈਣ ਦੇ ਦਾਅਵੇ ਕਰਨ ਵਾਲੀ ਮਾਨ ਸਰਕਾਰ ਵੀ ਕਿਸਾਨਾਂ ਦੇ ਹਿੱਤਾਂ ਨਾਲ ਖਿਲਵਾੜ ਕਰ ਰਹੀ ਹੈ।
ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪਰਾ, ਸੁਦਾਗਰ ਸਿੰਘ ਘੁਡਾਣੀ, ਬਲਵੰਤ ਸਿੰਘ ਘੁਡਾਣੀ, ਰੋਡ ਸੰਘਰਸ਼ ਯੂਨੀਅਨ ਦੇ ਬਿਕਰਜੀਤ ਸਿੰਘ ਕਾਲਖ, ਭਾਕਿਯੂ (ਸਿੱਧੂਪੁਰ) ਦੇ ਅਮਰੀਕ ਸਿੰਘ ਹਲਵਾਰਾ, ਸੁਪਿੰਦਰ ਸਿੰਘ ਬੱਗਾ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਜੜਤੌਲੀ, ਹਰਨੇਕ ਸਿੰਘ ਗੁੱਜਰਵਾਲ, ਪਰਮਜੀਤ ਸਿੰਘ ਕੋਟਆਗਾਂ ਸਮੇਤ ਹੋਰ ਕਈ ਆਗੂਆਂ ਨੇ ਵੀ ਸੰਬੋਧਨ ਕੀਤਾ।