ਭਾਜਪਾ ਪੱਖੀ ਅਕਾਲੀਆਂ ਨੇ ਹੀ ਪੰਜਾਬ ਦਾ ਵੱਡਾ ਨੁਕਸਾਨ ਕੀਤਾ: ਇਯਾਲੀ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਅਪਰੈਲ
ਅਕਾਲ ਤਖ਼ਤ ਦੇ ਹੁਕਮਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ-ਸੁਰਜੀਤੀ ਲਈ ਬਣੀ ਭਰਤੀ ਕਮੇਟੀ ਦਾ ਬਾਦਲ ਪਰਿਵਾਰ ਦੇ ਗੜ੍ਹ ਮਾਨਸਾ ਜ਼ਿਲ੍ਹੇ ਵਿੱਚ ਭੀਖੀ ’ਚ ਭਾਰੀ ਇਕੱਠ ਹੋਇਆ, ਜਿਸ ਵਿੱਚ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਇਕਬਾਲ ਸਿੰਘ ਝੂੰਦਾਂ ਤੇ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਖਾਸ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸ੍ਰੀ ਇਯਾਲੀ ਨੇ ਕਿਹਾ ਕਿ ਅਕਾਲ ਤਖ਼ਤ ਤੋਂ ਭਗੌੜਾ ਹੋਇਆ ਧੜਾ, ਜਿਸ ਨੇ ਹਮੇਸ਼ਾ ਬੀਜੇਪੀ ਦਾ ਪੱਖ ਪੂਰਿਆ, ਚਾਹੇ ਕਿਸਾਨੀ ਅੰਦੋਲਨ ਵੇਲੇ ਦੀ ਗੱਲ ਹੋਵੇ ਜਾਂ ਇਸ ਤੋਂ ਬਾਅਦ ਰਾਸ਼ਟਰਪਤੀ ਦੀ ਚੋਣ ਵੇਲੇ ਬੀਜੇਪੀ ਉਮੀਦਵਾਰ ਨੂੰ ਵੋਟ ਪਾਉਣ ਦੀ, ਨੇ ਸਭ ਤੋਂ ਵੱਧ ਪੰਜਾਬ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਆਪਣੀ ਖੇਤਰੀ ਪਾਰਟੀ ਤੋਂ ਵੱਡੀ ਉਮੀਦ ਲਾਈ ਬੈਠਾ ਹੈ, ਜਦੋਂਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ। ਉਨ੍ਹਾਂ ਪਾਰਟੀ ਲੀਡਰਸ਼ਿਪ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਤੋਂ ਦੂਰ ਗਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮਾਂ ਪਾਰਟੀ ਵਿੱਚ ਸਨਮਾਨ ਨਾਲ ਘਰ ਵਾਪਸੀ ਕਰਨ। ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੇਵਾ, ਤਿਆਗ ਅਤੇ ਕੁਰਬਾਨੀ ਵਾਲੀ ਜਮਾਤ ਹੈ, ਪਰ ਅੱਜ ਪਾਰਟੀ ਦੇ ਢਾਂਚੇ ਤੇ ਰੇਤ, ਬਜਰੀ ਦੇ ਗੈਰ-ਕਾਨੂੰਨੀ ਕੰਮ ਕਰਨ ਵਾਲੇ ਲੋਕ ਕਾਬਜ਼ ਹੋ ਚੁੱਕੇ ਹਨ। ਜਥੇਦਾਰ ਸ੍ਰੀ ਉਮੈਦਪੁਰੀ ਨੇ ਦੋਸ਼ ਲਾਇਆ ਕਿ ਪਾਰਟੀ ’ਤੇ ਕਾਬਜ਼ ਪਰਿਵਾਰ ਨੇ ਪੰਥਕ ਸੰਸਥਾਵਾਂ ਵਿੱਚ ਸਿੱਧਾ ਦਖ਼ਲ ਦੇ ਕੇ ਸੰਸਥਾਵਾਂ ਦੀ ਸਰਵਉੱਚਤਾ ਨੂੰ ਢਾਹ ਲਾਈ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਪਰਿਵਾਰ ਨੇ ਪੰਥ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਾਰਟੀ ਬਣਾਇਆ ਤੇ ਹੁਣ ਪਾਰਟੀ ਨੂੰ ਭਗੌੜਾ ਦਲ ਤੱਕ ਬਣਾ ਦਿੱਤਾ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਬਾਬੂ ਪ੍ਰਕਾਸ਼ ਚੰਦ ਗਰਗ, ਸੁਰਜੀਤ ਸਿੰਘ ਰੱਖੜਾ, ਸੁਖਵਿੰਦਰ ਸਿੰਘ ਔਲਖ ਤੇ ਮਨਜੀਤ ਸਿੰਘ ਬੱਪੀਆਣਾ ਨੇ ਸੰਬੋਧਨ ਕੀਤਾ।