ਬਠਿੰਡਾ ਦਾ ਬੱਸ ਅੱਡਾ ਮਲੋਟ ਰੋਡ ’ਤੇ ਹੀ ਬਣੇਗਾ: ਵਿਧਾਇਕ
ਮਨੋਜ ਸ਼ਰਮਾ
ਬਠਿੰਡਾ, 3 ਮਈ
ਬਠਿੰਡਾ ਵਿੱਚ ਬੱਸ ਅੱਡੇ ਦਾ ਮਾਮਲਾ ਭਖ਼ ਗਿਆ ਹੈ। ਇਸ ਮਾਮਲੇ ਵਿੱਚ ਇਕ ਧਿਰ ਵੱਲੋਂ ਅੱਡਾ ਸ਼ਹਿਰ ਤੋਂ ਬਾਹਰ ਲਿਜਾਣ ਖ਼ਿਲਾਫ਼ ਪੱਕਾ ਮੋਰਚਾ ਲਾਇਆ ਗਿਆ ਹੈ ਜਦਕਿ ਕੁਝ ਲੋਕ ਬੱਸ ਅੱਡਾ ਬਾਹਰ ਲਿਜਾਣ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਅੱਜ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬਠਿੰਡਾ ’ਚ ਪ੍ਰੈੱਸ ਕਾਨਫਰੰਸ ਦੌਰਾਨ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਬੱਸ ਅੱਡੇ ਨੂੰ ਲੈ ਕੇ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ ਜਦਕਿ ਹਕੀਕਤ ਇਹ ਹੈ ਕਿ ਸ਼ਹਿਰ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਬੱਸ ਅੱਡਾ ਮਲੋਟ ਰੋਡ ’ਤੇ ਹੀ ਬਣੇਗਾ।
ਉਨ੍ਹਾਂ ਸਪਸ਼ਟ ਕੀਤਾ ਕਿ ਮਲੋਟ ਰੋਡ 'ਤੇ ਉਨ੍ਹਾਂ ਦੀ ਇਕ ਇੰਚ ਵੀ ਥਾਂ ਨਹੀਂ ਹੈ। ਉਨ੍ਹਾਂ ਚੁਣੌਤੀ ਦਿੱਤੀ ਕਿ ਜੇ ਕਿਸੇ ਕੋਲ ਉਸ ਥਾਂ ਉਨ੍ਹਾਂ ਦੀ ਜ਼ਮੀਨ ਹੋਣ ਦਾ ਸਬੂਤ ਹੋਵੇ, ਤਾਂ ਉਹ ਰਜਿਸਟਰੀ ਕਰਵਾ ਦੇਣਗੇ।
ਸ੍ਰੀ ਗਿੱਲ ਨੇ ਕਿਹਾ ਕਿ ਬੱਸ ਅੱਡਾ ਬਣਾਉਣ ਤੋਂ ਇਲਾਵਾ ਹੋਰ ਵੀ ਵਿਕਾਸ ਕਾਰਜ ਜਾਰੀ ਹਨ, ਜਿਵੇਂ ਕਿ 100 ਬੈੱਡ ਵਾਲਾ ਈਐੱਸਆਈ ਹਸਪਤਾਲ, ਰੇਲਵੇ ਪਾਰ ਕਲੋਨੀਆਂ ਨੂੰ ਜੋੜਣ ਵਾਲੇ ਪੁਲਾਂ ਦਾ ਨਿਰਮਾਣ ਅਤੇ ਮਲਤਾਨੀਆਂ ਰੋਡ 'ਤੇ ਓਵਰ ਬ੍ਰਿਜ, ਜੋ ਜਲਦੀ ਹੀ ਤਿਆਰ ਹੋ ਜਾਵੇਗਾ। ਵਿਧਾਇਕ ਨੇ ਵਿਰੋਧੀਆਂ ਦੇ ਬਿਨਾਂ ਨਾਮ ਲਏ ਜਵਾਬ ਦਿੰਦਿਆਂ ਕਿਹਾ ਕਿ ਬੱਸ ਸਟੈਂਡ ਲੋਕਾਂ ਦੀ ਮੰਗ ਅਤੇ ਸ਼ਹਿਰ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਹੱਸਦਿਆਂ ਆਖਿਆ ਕਿ ਜਦੋਂ ਨੀਂਹ ਰੱਖਾਂਗੇ ਤਾਂ ਸਭ ਨੂੰ ਲੱਡੂ ਖੁਆਵਾਂਗੇ।