ਕਾਂਗਰਸ ਵੱਲੋਂ ਰਾਹੁਲ ਦੀ ਸੰਗਰੂਰ ਰੈਲੀ ਲਈ ਲਾਮਬੰਦੀ
ਜੋਗਿੰਦਰ ਸਿੰਘ ਮਾਨ
ਮਾਨਸਾ, 3 ਮਈ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮੋਦੀ ਸਰਕਾਰ ਪਹਿਲਗਾਮ ’ਚ ਅਤਿਵਾਦੀ ਹਮਲੇ ਵਿਚ ਮਾਰੇ ਗਏ ਪਰਿਵਾਰਾਂ ਨੂੰ ਇਨਸਾਫ ਨਹੀਂ ਦੇ ਸਕੀ, ਸਗੋਂ ਉਲਟਾ ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਲੋਕਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਭਾਰੀ ਗੁੱਸਾ ਪੈਦਾ ਹੋਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪਹਿਲਗਾਮ ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜ ਰਹੀ ਹੈ। ਉਹ ਅੱਜ ਇਥੇ 18 ਮਈ ਨੂੰ ਸੰਗਰੂਰ ਵਿਖੇ ਕਾਂਗਰਸ ਦੀ ਹੋਰ ਰਹੀ ਸੂਬਾ ਪੱਧਰੀ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਏ ਸਨ। ਸਾਬਕਾ ਮੰਤਰੀ ਸ੍ਰੀ ਕਾਂਗੜ ਨੇ ਕਿਹਾ ਕਿ ਸੰਗਰੂਰ ਰੈਲੀ ਵਿੱਚ ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਅਤੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਸੰਬੋਧਨ ਕਰਨਗੇ ਅਤੇ ਸੰਵਿਧਾਨ ਬਚਾਓ ਰੈਲੀ ਲਈ ਮਾਲਵਾ ਖੇਤਰ ਦੇ ਕਾਂਗਰਸੀਆਂ ਵਿੱਚ ਪੂਰਾ ਉਤਸ਼ਾਹ ਪੈਦਾ ਹੋਣ ਲੱਗਿਆ ਹੈ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਕਿਹਾ ਕਿ ਹੁਣ ਦੇਸ਼ ਦੇ ਲੋਕਾਂ ਨੂੰ ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਚੁਸਤ-ਚਲਾਕੀਆਂ ਦੀ ਸਮਝ ਆ ਗਈ ਹੈ ਅਤੇ ਲੋਕ ਭਾਜਪਾ ਤੋਂ ਕਿਨਾਰਾ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਪਹਿਲਾਂ ਹੀ ਲੋਕ ਭਾਜਪਾ ਤੋਂ ਅੱਕੇ ਬੈਠੇ ਹਨ ਅਤੇ ਹੁਣ ਬਾਹਰਲੇ ਸੂਬਿਆਂ ਦੇ ਲੋਕ ਵੀ ਭਾਜਪਾ ਦੀਆਂ ਚਾਲਾਂ ਨੂੰ ਸਮਝਣ ਲੱਗੇ ਹਨ।
ਕਾਂਗਰਸ ਪਾਰਟੀ ਵੱਲੋਂ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਮੂਸਾ ਨੇ ਕਿਹਾ ਕਿ ਹੁਣ ਪਾਰਟੀ ਨੂੰ ਪਿੰਡ ਪੱਧਰ ਤੋਂ ਮਜ਼ਬੂਤ ਕਰਨ ਦੀ ਲੋੜ ਹੈ ਅਤੇ ਆਪਸੀ ਖਹਿ-ਬਾਜ਼ੀਆਂ ਤੋਂ ਉਪਰ ਉਠਕੇ ਏਕਤਾ ਦਾ ਸਬੂਤ ਦੇਕੇ ਪੰਜਾਬ ਦੇ ਹਿੱਤਾਂ ਲਈ ਸਾਂਝੇ ਤੌਰ ’ਤੇ ਕੰਮ ਕਰਨ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਸੀ ਪਾਟੋ-ਧਾੜ ਛੱਡਕੇ ਪੰਜਾਬ ਬਚਾਉਣ ਲਈ ਇਕਮਿਕ ਹੋਣਾ ਸਮੇਂ ਦੀ ਮੁੱਖ ਮੰਗ ਹੈ।
ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਬਿਕਰਮ ਸਿੰਘ ਮੋਫ਼ਰ, ਡਾ. ਰਣਵੀਰ ਕੌਰ ਮੀਆਂ, ਚਮਕੌਰ ਸਿੰਘ ਸਿੱਧੂ, ਸੱਤਪਾਲ ਮੂਲੇਵਾਲਾ, ਕੁਲਵੰਤ ਰਾਏ ਸਿੰਗਲਾ, ਸੁਰੇਸ਼ ਕੁਮਾਰ ਨੰਦਗੜ੍ਹੀਆ, ਐਡਵੋਕੇਟ ਬਲਕਰਨ ਸਿੰਘ ਬੱਲੀ, ਮਨਦੀਪ ਸਿੰਘ ਗੋਰਾ, ਸੁਖਦਰਸ਼ਨ ਸਿੰਘ ਖਾਰਾ, ਗੁਰਪ੍ਰੀਤ ਸਿੰਘ ਵਿੱਕੀ ਤੇ ਅੰਮ੍ਰਿਤਪਾਲ ਸਿੰਘ ਕੂਕਾ ਨੇ ਸੰਬੋਧਨ ਕੀਤਾ।