ਰਾਕੇਸ਼ ਟਿਕੈਤ ’ਤੇ ਹਮਲੇ ਪਿੱਛੇ ਸਰਕਾਰ ਦਾ ਹੱਥ: ਰੁਲਦੂ ਸਿੰਘ
ਜੋਗਿੰਦਰ ਸਿੰਘ ਮਾਨ
ਮਾਨਸਾ, 3 ਮਈ
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸ਼ਰਾਰਤੀ ਅਨਸਰਾਂ ਵੱਲੋਂ ਕਿਸਾਨੀ ਅੰਦੋਲਨ ਦੇ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਜਾਣ-ਬੁੱਝ ਕੇ ਕੀਤੀ ਗਈ ਧੱਕਾਮੁੱਕੀ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਇਸ ਮਾਮਲੇ ਨੂੰ ਗੰਭੀਰਤਾ ਲੈ ਕੇ ਆਉਣ ਵਾਲੇ ਸਮੇਂ ਵਿੱਚ ਕਿਸਾਨ ਨੇਤਾਵਾਂ ’ਤੇ ਗਿਣੀ-ਮਿਥੀ ਸਾਜ਼ਿਸ ਤਹਿਤ ਹੋ ਰਹੇ ਹਮਲਿਆਂ ਦਾ ਜਵਾਬ ਦੇਵੇਗਾ।
ਜ਼ਿਕਰਯੋਗ ਹੈ ਕਿ ਮੁਜ਼ੱਫ਼ਰਨਗਰ ਦੇ ਟਾਊਨ ਹਾਲ ਦੇ ਕੋਲ ਪਹਿਲਗਾਮ ਹਮਲੇ ਨੂੰ ਲੈ ਕੇ ਜਨਤਕ ਰੋਸ ਹੋ ਰਿਹਾ ਸੀ, ਜਿਸ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਆਪਣੀ ਗੱਲ ਰੱਖਣ ਲਈ ਪਹੁੰਚੇ ਸਨ। ਸ੍ਰੀ ਟਿਕੈਤ ਦੇ ਪਹੁੰਚਦਿਆਂ ਹੀ ਭਾਜਪਾ ਵਰਕਰਾਂ ਵੱਲੋਂ ਮਿਥੀ ਰਣਨੀਤੀ ਤਹਿਤ ਉਨ੍ਹਾਂ ਨੂੰ ਸਟੇਜ ’ਤੇ ਜਾਣ ਤੋਂ ਰੋਕਿਆ ਗਿਆ ਤਾਂ ਜੋ ਉਹ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦੀ ਗੱਲ ਸਟੇਜ ਤੋਂ ਨਾ ਕਰ ਸਕਣ।
ਕਿਸਾਨ ਰੁਲਦੂ ਸਿੰਘ ਮਾਨਸਾ ਨੇ ਨੋਟਿਸ ਲੈਂਦਿਆਂ ਕਿਹਾ ਕਿ ਕਿਸਾਨ ਆਗੂ ਅਜਿਹੇ ਇਕੱਠ ਵਿੱਚ ਥੋੜੀ ਗਿਣਤੀ ਵਿੱਚ ਜਾਣ ਦੀ ਬਜਾਏ ਵੱਡੀ ਗਿਣਤੀ ਨਾਲ ਹੀ ਸ਼ਮੂਲੀਅਤ ਕਰਨ। ਉਨ੍ਹਾਂ ਨਾਲ ਹੀ ਮੋਰਚੇ ਦੇ ਕਿਸਾਨ ਫਰੰਟਾਂ ਅਤੇ ਜਮਹੂਰੀ ਇਨਸਾਫ਼ ਪਸੰਦ ਜਨਤਕ ਜੱਥੇਬੰਦੀਆਂ ਦੇ ਸਾਂਝੇ ਪਲੇਟਫਾਰਮਾਂ ਤੋਂ ਪਹਿਲਗਾਮ ਹਮਲੇ ਦੇ ਪੀੜਤਾਂ ਲਈ ਇਨਸਾਫ਼ ਅਤੇ ਅਜਿਹੇ ਅਨੇਕਾਂ ਦੇਸ਼ ਦਾ ਮਾਹੌਲ ਖ਼ਰਾਬ ਕਰਨ ਵਾਲੇ ਮਸਲਿਆਂ ਉੱਤੇ ਆਪਣੀ ਨਿਰਪੱਖ ਰਾਇ, ਸਾਂਝੀਵਾਲਤਾ ਦੀ ਨੀਤੀ ਨੂੰ ਲੋਕਾਂ ਵਿੱਚ ਲਿਜਾਣ। ਉਨ੍ਹਾਂ ਸਰਕਾਰ ਤੋਂ ਪਹਿਲਗਾਮ ਮਸਲੇ ਦੀ ਤੱਥ ਅਧਾਰਿਤ ਛਾਣ-ਬੀਣ ਕਰਨ ਉਪਰੰਤ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।