ਦੋ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 3 ਮਈ
ਫ਼ਿਰੋਜ਼ਪੁਰ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਦੋ ਵੱਖ-ਵੱਖ ਕਾਰਵਾਈਆਂ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ 2 ਕਿੱਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਸਦਰ ਪੁਲੀਸ ਨੇ ਉਕਤ ਮਾਮਲਿਆਂ ਵਿੱਚ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਦੂਜੇ ਮਾਮਲੇ ਵਿੱਚ ਸਰਹੱਦੀ ਖੇਤਰ ਵਿੱਚੋਂ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਹੈ। ਪਹਿਲੇ ਮਾਮਲੇ ਬਾਰੇ ਸਬ-ਇੰਸਪੈਕਟਰ ਜੱਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਰਜੀਤ ਸਿੰਘ ਉਰਫ਼ ਕਾਲੀ, ਵਾਸੀ ਸ਼ਾਂਤੀ ਨਗਰ ਫ਼ਿਰੋਜ਼ਪੁਰ ਸ਼ਹਿਰ, ਕਿਲੇ ਵਾਲੇ ਚੌਕ ਵਿੱਚ ਹੈਰੋਇਨ ਸਮੇਤ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਤੁਰੰਤ ਕਾਰਵਾਈ ਕਰਦਿਆਂ ਪੁਲੀਸ ਪਾਰਟੀ ਨੇ ਮੌਕੇ 'ਤੇ ਛਾਪਾ ਮਾਰ ਕੇ ਸੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ 1 ਕਿਲੋ 654 ਗ੍ਰਾਮ ਹੈਰੋਇਨ ਬਰਾਮਦ ਹੋਈ। ਵੱਖਰੇ ਮਾਮਲੇ ਵਿੱਚ ਥਾਣਾ ਸਦਰ ਪੁਲੀਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸਰਹੱਦੀ ਪਿੰਡ ਗੱਟੀ ਰਾਜੋ ਕੀ ਵਿੱਚ ਕਣਕ ਦੇ ਵੱਢ ਵਿੱਚੋਂ 496 ਗ੍ਰਾਮ ਹੈਰੋਇਨ ਮਿਲੀ ਹੈ।