ਮਜ਼ਦੂਰ ਮੁਕਤੀ ਮੋਰਚਾ ਵੱਲੋਂ ਝੱਲਬੂਟੀ ’ਚ ਜਬਰ ਵਿਰੋਧੀ ਰੈਲੀ
ਪੱਤਰ ਪ੍ਰੇਰਕ
ਮਾਨਸਾ, 3 ਮਈ
ਬੁਢਲਾਡਾ ਦੇ ਪਿੰਡ ਝੱਲਬੂਟੀ ਵਿੱਚ ਲੜਕੀ ਨੂੰ ਫੋਨ ’ਤੇ ਗ਼ਲਤ ਮੈਸੇਜ ਭੇਜਣ ਦਾ ਵਿਰੋਧ ਕਰਨ ’ਤੇ ਦਲਿਤ ਪਰਿਵਾਰ ਦੇ ਜਬਰੀ ਘਰ ਦਾਖ਼ਲ 55 ਸਾਲ ਦੀ ਔਰਤ ਤੇ ਨੌਜਵਾਨ ਦੀ ਕੁੱਟਮਾਰ ਖ਼ਿਲਾਫ਼ ਅੱਜ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਪੰਜਾਬ ਵੱਲੋਂ ਦਲਿਤ ਜਬਰ ਵਿਰੋਧੀ ਰੈਲੀ ਕੀਤੀ ਗਈ। ਰੈਲੀ ਦੌਰਾਨ ਪੁਲੀਸ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਐਸਸੀ/ਐੱਸਟੀ ਐਕਟ ਨਾ ਲਾਇਆ ਗਿਆ ਤਾਂ 5 ਮਈ ਨੂੰ ਥਾਣਾ ਬੋਹਾ ਅੱਗੇ ਧਰਨਾ ਲਾਇਆ ਜਾਵੇਗਾ। ਇਸ ਮੌਕੇ ਸੰਘਰਸ਼ ਨੂੰ ਚਲਾਉਣ ਲਈ 15 ਮੈਂਬਰ ਸੰਘਰਸ਼ ਕਮੇਟੀ ਦਾ ਵੀ ਗਠਨ ਕੀਤਾ ਗਿਆ। ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਦਲਿਤ ਪਰਿਵਾਰ ਦੀ ਕੁੱਟਮਾਰ ਦੀ ਘਟਨਾ ਦੇ ਤਿੰਨ ਬੀਤ ਜਾਣ ਦੇ ਬਾਵਜੂਦ ਬੁਢਲਾਡਾ ਹਸਪਤਾਲ ਵਿਚ ਦਾਖ਼ਲ ਔਰਤ ਦੇ ਅਜੇ ਤੱਕ ਪੁਲੀਸ ਪ੍ਰਸ਼ਾਸਨ ਵਲੋਂ ਬਿਆਨ ਤੱਕ ਨਹੀਂ ਲਏ ਗਏ ਹਨ, ਜਦੋਂ ਕਿ ਕਸੂਰਵਾਰਾਂ ਖਿਲਾਫ ਕਾਰਵਾਈ ਕਰਨੀ ਤਾਂ ਦੂਰ ਦੀ ਗੱਲ ਰਹੀ। ਉਨ੍ਹਾਂ ਪੁਲੀਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੀੜਤ ਦਲਿਤ ਔਰਤ ਨੂੰ ਇਨਸਾਫ ਦੇਣ ਦੀ ਥਾਂ ਕਸੂਰਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦਲਿਤ ਉਪਰ ਹੋ ਰਹੇ ਅੱਤਿਆਚਾਰਾਂ ਨੂੰ ਚੁੱਪ-ਚਾਪ ਬਰਦਾਸ਼ਤ ਨਹੀਂ ਕਰੇਗਾ।ਉਨ੍ਹਾਂ ਕਿਹਾ ਕਿ ਦਲਿਤ ਔਰਤ ਨੂੰ ਇਨਸਾਫ ਦਿਵਾਉਣ ਲਈ ਸਮੂਹ ਇਨਸਾਫ ਪਸੰਦ ਲੋਕਾਂ ਨੂੰ 5 ਮਈ ਨੂੰ ਥਾਣਾ ਬੋਹਾ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਨਿੱਕਾ ਸਿੰਘ ਬਹਾਦਰਪੁਰ, ਸੁਖਵਿੰਦਰ ਸਿੰਘ ਬੋਹਾ, ਪ੍ਰਦੀਪ ਗੁਰੂ, ਚਰਨਜੀਤ ਸਿੰਘ ਤੇ ਸੰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।