ਬੀਜ ਲੈਣ ਲਈ ਪੋਰਟਲ ’ਤੇ ਰਜਿਸਟਰਡ ਕਰਾਉਣ ਦੀ ਅਪੀਲ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਅਪਰੈਲ
ਖੇਤੀ ਤੇ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕਰਮ ਚੰਦ ਨੇ ਕਿਹਾ ਹੈ ਕਿ ਕੁਰੂਕਸ਼ੇਤਰ ਵਿੱਚ 45 ਹਜ਼ਾਰ ਏਕੜ ਲਈ ਕਿਸਾਨਾਂ ਨੂੰ 5400 ਕੁਇੰਟਲ ਢੈਂਚਾ ਬੀਜ ਮੁਹੱਈਆ ਕਰਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਢੈਂਚਾ ਨੂੰ ਸਦੀਆਂ ਤੋਂ ਹਰੀ ਖਾਦ ਵਜੋਂ ਵਰਤਿਆ ਜਾਂਦਾ ਹੈ। ਇਸ ਲਈ ਖੇਤੀ ਵਿਭਾਗ ਨੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਵਿਕਰੀ ਕੇਂਦਰਾਂ ਰਾਹੀਂ 80 ਫ਼ੀਸਦ ਸਬਸਿਡੀ ’ਤੇ ਹਰੀ ਖਾਦ ਵਜੋਂ ਵਰਤੋਂ ਲਈ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ 6 ਲੱਖ ਰਕਬੇ ਲਈ 72 ਹਜ਼ਾਰ ਕੁਇੰਟਲ ਢੈਂਚਾ ਬੀਜ ਮੁਹੱਈਆ ਕਰਾਉਣ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਜ ਦੀ ਮਾਤਰਾ 12 ਕਿਲੋ ਪ੍ਰਤੀ ਏਕੜ ਹੈ ਤੇ ਇਕ ਕਿਸਾਨ 10 ਏਕੜ ਲਈ 120 ਕਿਲੋਗਰਾਮ ਢੈਂਚਾ ਬੀਜ ਪ੍ਰਾਪਤ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਬੀਜ 10 ਅਪਰੈਲ ਤੋਂ 30 ਮਈ ਤਕ ਹਰਿਆਣਾ ਬੀਜ ਵਿਕਾਸ ਨਿਗਮ ਦੇ ਵਿਕਰੀ ਕੇਂਦਰਾਂ ਤੇ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ ਵਿੱਚ 45 ਹਜ਼ਾਰ ਏਕੜ ਲਈ 5400 ਕੁਇੰਟਲ ਦਾ ਟੀਚਾ ਦਿੱਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਪੋਰਟਲ ’ਤੇ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਤੋਂ ਬਾਅਦ ਆਪਣਾ ਆਧਾਰ ਕਾਰਡ, ਕਿਸਾਨ ਕਾਰਡ ਤੇ ਸਲਿੱਪ ਦਿਖਾ ਕੇ ਹਰਿਆਣਾ ਬੀਜ ਵਿਕਾਸ ਨਿਗਮ ਦੇ ਵਿਕਰੀ ਕੇਂਦਰਾਂ ਤੋਂ ਬੀਜ ਹਾਸਲ ਕਰ ਸਕਦੇ ਹਨ।