ਬਠਿੰਡਾ ’ਚ ਖ਼ਾਲਸਾ ਦੀਵਾਨ ਦੇ ਪ੍ਰਧਾਨ ਬਣੇ ਹਰਦੀਪਕ ਸਿੰਘ
ਮਨੋਜ ਸ਼ਰਮਾ
ਬਠਿੰਡਾ, 30 ਮਾਰਚ
ਬਠਿੰਡਾ ਸ਼ਹਿਰ ਦੀ ਧਾਰਮਿਕ ਸੰਸਥਾ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦੀ ਐਤਵਾਰ ਨੂੰ ਹੋਈ ਚੋਣ ਵਿੱਚ ਹਰਦੀਪਕ ਸਿੰਘ ਖ਼ਾਲਸਾ ਚੋਣ ਜਿੱਤ ਕੇ ਪ੍ਰਧਾਨ ਚੁਣੇ ਗਏ। ਬਠਿੰਡਾ ’ਚ ਇਸ ਧਾਰਮਿਕ ਸੰਸਥਾ ਦੀਆਂ ਚੋਣਾਂ ਲਈ ਕਈ ਦਿਨਾਂ ਤੋਂ ਅਖਾੜਾ ਭਖਿਆ ਹੋਇਆ ਸੀ। ਐਤਵਰ ਨੂੰ ਬਠਿੰਡਾ ਦੀ ਪ੍ਰਸਿੱਧ ਧਾਰਮਿਕ ਸੰਸਥਾ ਖਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਦੀ ਹੋਈ ਪ੍ਰਧਾਨਗੀ ਦੀ ਚੋਣ ਵਿੱਚ ਹਰਦੀਪਕ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਸਿੱਧੂ ਨੂੰ 2086 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕਰ ਲਈ ਹੈ। ਹਰਦੀਪਕ ਸਿੰਘ ਦਾ ਚੋਣ ਨਿਸ਼ਾਨ ਬਾਲਟੀ ਸੀ ਜਿਸ ਨੂੰ 5083 ਵੋਟਾਂ ਪ੍ਰਾਪਤ ਹੋਈਆਂ ਜਦਕਿ ਰਾਜਿੰਦਰ ਸਿੱਧੂ ਦਾ ਚੋਣ ਨਿਸ਼ਾਨ ਪੌੜੀ ਸੀ ਜਿਸ ਨੂੰ 2997 ਵੋਟ ਮਿਲੇ। ਗੌਰਤਲਬ ਹੈ, ਕਿ ਇਨ੍ਹਾਂ ਚੋਣਾਂ ਵਿਚ 7 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚ ਸਾਬਕਾ ਰਾਜਿੰਦਰ ਸਿੰਘ ਸਿੱਧੂ, ਹਰਦੀਪਕ ਸਿੰਘ, ਹਰਸੁਖਜਿੰਦਰਪਾਲ ਸਿੰਘ, ਬਿਸ਼ਨ ਸਿੰਘ, ਸਰੂਪ ਸਿੰਘ, ਲਖਵਿੰਦਰ ਸਿੰਘ ਤੇ ਲਲਿਤ ਸਿੰਘ। ਖਾਲਸਾ ਸਕੂਲ ਬਠਿੰਡਾ ਵਿਚ ਵੋਟਾਂ ਦੀ ਗਿਣਤੀ ਅਮਨ ਅਮਾਨ ਨਾਲ ਨੇਪਰੇ ਚੜ੍ਹੀ। ਰਿਟਰਨਿੰਗ ਅਫ਼ਸਰ ਕਮ ਤਹਸੀਲਦਾਰ ਕੁਲਦੀਪ ਸਿੰਘ ਮੁਤਾਬਕ 8581 ਵੋਟਾਂ ਪੋਲ ਹੋਈਆਂ। ਚੇਤੇ ਰਹੇ ਕਿ ਸੰਸਥਾ ਦੇ ਕੁੱਲ 11,094 ਵੋਟਰ ਸਨ। ਜ਼ਿਕਰਯੋਗ ਹੈ ਇਸ ਦੀ ਮਿਆਦ ਇੱਕ ਵਰ੍ਹੇ ਪਹਿਲਾ ਖ਼ਤਮ ਹੋ ਗਈ ਸੀ। ਖ਼ਾਲਸਾ ਦੀਵਾਨ ਦੀ ਪ੍ਰਬੰਧਕੀ ਕਮੇਟੀ ਵੱਲੋਂ ਬਠਿੰਡਾ ਸ਼ਹਿਰ ਦਾ ਗੁਰਦੁਆਰਾ ਸਿੰਘ ਸਭਾ ਤੋਂ ਇਲਾਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਗੁਰੂ ਨਾਨਕ ਦੇਵ ਗਰਲਜ਼ ਕਾਲਜ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਸਮੇਤ ਹੋਰ ਸੰਸਥਾਵਾਂ ਨੂੰ ਚਲਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰਬੰਧਕੀ ਕਮੇਟੀ ਦੇ ਵਿੱਚ ਪੰਜ ਸਾਲਾਂ ਲਈ ਚੋਣ ਇਕੱਲਿਆ ਪ੍ਰਧਾਨ ਦੀ ਹੀ ਹੁੰਦੀ ਹੈ ਜਦਕਿ ਉਸ ਤੋਂ ਬਾਅਦ ਬਾਕੀ ਅਹੁੱਦੇਦਾਰਾਂ ਨੂੰ ਨਿਯੁਕਤ ਕੀਤਾ ਜਾਂਦਾ।