ਫੂਡ ਸੇਫਟੀ ਟੀਮ ਵੱਲੋਂ ਆਟਾ ਮਿੱਲ ਤੇ ਜੀਓ ਮਾਰਟ ’ਚ ਛਾਪਾ
ਪੱਤਰ ਪ੍ਰੇਰਕ
ਯਮੁਨਾ ਨਗਰ, 3 ਅਪਰੈਲ
ਯਮੁਨਾ ਨਗਰ ਦੇ ਸਢੌਰਾ ਵਿੱਚ ਸੰਘਾੜਿਆਂ (ਕੁੱਟੂ) ਅਤੇ ਸਵਾਂਕ ਦਾ ਆਟਾ ਖਾਣ ਤੋਂ ਬਾਅਦ ਲਗਪਗ 100 ਵਿਅਕਤੀ ਬਿਮਾਰ ਮਗਰੋਂ ਅੱਜ ਇੱਥੇ ਸੀਐੱਮ ਫਲਾਇੰਗ ਅਤੇ ਫੂਡ ਸੇਫਟੀ ਅਫ਼ਸਰ ਦੀ ਟੀਮ ਨੇ ਉਸ ਮਿੱਲ ਤੋਂ ਨਮੂਨੇ ਲਏ ਜਿੱਥੋਂ ਕੁੱਟੂ ਅਤੇ ਸਵਾਂਕ ਆਟਾ ਸਪਲਾਈ ਕੀਤਾ ਜਾਂਦਾ ਸੀ। ਅੱਜ ਟੀਮ ਜੀਓ ਮਾਰਟ ਦੇ ਸਮਾਰਟ ਪੁਆਇੰਟ ’ਤੇ ਵੀ ਗਈ ਅਤੇ ਆਟੇ ਦੇ ਨਮੂਨੇ ਇਕੱਠੇ ਕਰਕੇ ਲੈਬ ਭੇਜੇ। ਫੂਡ ਸੇਫਟੀ ਅਫਸਰ ਡਾ. ਅਮਿਤ ਚੌਹਾਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਫਲਾਇੰਗ ਸਕੁਐਡ ਅਤੇ ਫੂਡ ਸੇਫਟੀ ਟੀਮ ਵੱਲੋਂ ਸਾਂਝੇ ਤੌਰ ’ਤੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਲੈਬ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁੱਟੂ ਅਤੇ ਸਵਾਂਕ ਆਟਾ ਖਾਣ ਤੋਂ ਬਾਅਦ ਲੋਕਾਂ ਦੇ ਬਿਮਾਰ ਹੋਣ ਦੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਹਨ। ਇਸ ਦੇ ਮੱਦੇਨਜ਼ਰ ਟੀਮਾਂ ਵੱਖ-ਵੱਖ ਖੇਤਰਾਂ ਵਿੱਚ ਨਮੂਨੇ ਲੈ ਰਹੀਆਂ ਹਨ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਪਵੇਗੀ ਤਾਂ ਹੀ ਅਜਿਹੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਸਢੌਰਾ ਵਿੱਚ ਸੰਘਾੜਿਆਂ (ਕੁੱਟੂ) ਅਤੇ ਸਵਾਂਕ ਦਾ ਆਟਾ ਖਾਣ ਤੋਂ ਬਾਅਦ ਲਗਭਗ 100 ਵਿਅਕਤੀ ਬਿਮਾਰ ਹੋ ਗਏ ਸਨ, ਜਿਨ੍ਹਾਂ ਵਿੱਚੋਂ 50 ਤੋਂ ਵੱਧ ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਇਨ੍ਹਾਂ ਸਾਰਿਆਂ ਨੇ ਵੱਖ-ਵੱਖ ਦੁਕਾਨਦਾਰਾਂ ਤੋਂ ਆਟਾ ਖਰੀਦਿਆ ਸੀ ਅਤੇ ਦੁਕਾਨਦਾਰਾਂ ਨੇ ਇੱਕੋ ਮਿੱਲ ਤੋਂ ਇਹ ਆਟਾ ਖਰੀਦਿਆ ਸੀ। ਇਸ ਤੋਂ ਬਾਅਦ, ਫੂਡ ਸੇਫਟੀ ਅਫਸਰ ਦੀ ਟੀਮ ਉੱਥੇ ਗਈ ਅਤੇ ਸੈਂਪਲ ਲਏ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਹੀ ਵਰਤ ਰੱਖਣ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ ਤੇ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਸਖਤ ਕਾਰਵਾਈ ਕਰਨ ਦੀ ਲੋੜ ਹੈ।