ਪਿੰਡ ਠੂਈਆਂ ’ਚ ਸੀਐੱਸਸੀ ਸੈਂਟਰ ਸੰਚਾਲਕ ਦੇ ਕਤਲ ਮਾਮਲੇ ’ਚ 7 ਗ੍ਰਿਫ਼ਤਾਰ
ਗੁਰਦੀਪ ਸਿੰਘ ਭੱਟੀ
ਟੋਹਾਣਾ, 6 ਅਪਰੈਲ
ਪਿੰਡ ਠੂਈਆਂ ਦੇ ਸੀਐੱਸਸੀ ਸੈਂਟਰ ਸੰਚਾਲਕ ਪ੍ਰਦੀਪ ਕੁਮਾਰ (35) ਦੇ ਕਤਲ ਮਾਮਲੇ ’ਚ ਪੁਲੀਸ ਨੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਪੀ ਫਤਿਹਾਬਾਦ ਆਸਥਾ ਮੋਦੀ ਨੇ ਅੱਜ ਇਥੇ ਦੱਸਿਆ ਕਿ ਪੁਲੀਸ ਵੱਲੋਂ ਮ੍ਰਿਤਕ ਦੇ ਚਾਚਾ ਰਾਮ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਜਾਂਚ ਟੀਮ ਨੇ ਸੈਂਟਰ ਵਿੱਚੋਂ ਲੁੱਟਿਆ ਲੈਪਟਾਪ ਪਿੰਡ ਠੂਈਆਂ ਤੋਂ 4 ਕਿਲੋਮੀਟਰ ਦੂਰ ਪੀਲੀ ਮੰਦੋਰੀ ਦੀ ਹੱਦ ਤੋਂ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪ੍ਰਦੀਪ ਕੁਮਾਰ ਦਾ ਰੋਜ਼ਾਨਾ ਚਾਰ ਤੋਂ ਪੰਜ ਲੱਖ ਰੁਪਏ ਦਾ ਲੈਣ-ਦੇਣ ਸੀ। ਲੁਟੇਰੇ ਪੈਸੇ ਵਸੂਲਣ ਦੇ ਬਹਾਨੇ ਆਏ ਸਨ। ਵਾਰਦਾਤ ਸਮੇਂ ਪ੍ਰਦੀਪ ਦੀ ਸਹਾਇਕ ਇਕ ਲੜਕੀ ਦਫਤਰ ਵਿੱਚ ਮੌਜੂਦ ਸੀ। ਵਾਰਦਾਤ ਸਮੇਂ ਮੌਜੂਦ ਲੜਕੀ ਨੇ ਦੱਸਿਆ ਕਿ ਤਿੰਨ ਲੁਟੇਰੇ ਸੈਂਟਰ ਵਿੱਚ ਆਏ ਤੇ ਸ਼ਕਤੀ ਨੇ ਤਿੰਨ ਗੋਲੀਆਂ ਚਲਾਈਆਂ ਸਨ।
ਐੱਸਪੀ ਨੇ ਕਿਹਾ ਕਿ ਪੁਲੀਸ ਨੇ ਮੌਕੇ ਤੋਂ ਕਾਰਤੂਸਾਂ ਦੇ ਦੋ ਖੋਲ ਤੇ ਇਕ ਕਾਰਤੂਸ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਦੀਪ ਦੇ ਕਤਲ ਮਾਮਲੇ ’ਚ ਸ਼ਕਤੀ (ਕੈਥਲ), ਅਭਿਸ਼ੇਕ ਉਰਫ ਅਭੀ ਪਿੰਡ ਮਾਜਰਾ-ਰੋਹੇੜਾ (ਕੈਥਲ), ਅਕਿੰਤ ਪਿੰਡ ਖੇੜੀ-ਸੇਖਾਂ (ਕੈਥਲ), ਸੁਸ਼ੀਲ ਵਾਸੀ ਭੱਠੁਕਲਾਂ, ਵਿਕਰਮ ਵਾਸੀ ਬਾਸੜਾ (ਹਿਸਾਰ), ਰੋਹਤਾਸ਼ ਉਰਫ਼ ਤਾਸ਼ੀ ਵਾਸੀ ਪੀਲੀ ਮੰਦੋਰੀ, ਇਕ ਨਾਬਾਲਿਗ ਨੂੰ ਨਾਮਜ਼ਦ ਕੀਤਾ ਹੈ। ਐੱਸਪੀ ਮੁਤਾਬਕ ਮੁਲਜ਼ਮ ਰੋਹਤਾਸ਼ ਤਾਸ਼ੀ, ਸੁਸ਼ੀਲ, ਵਿਕਰਮ ਤੇ ਸ਼ਕਤੀ ਦੇ ਵਿਰੁੱਧ 23 ਵੱਖ-ਵੱਖ ਅਪਰਾਧਕ ਮਾਮਲੇ ਦਰਜ ਹਨ।