ਮਹਾਂਪੰਚਾਇਤ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਜ਼ਮਾਨਤ ਨਾ ਲੈਣ ਦਾ ਫ਼ੈਸਲਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 13 ਅਪਰੈਲ
ਇੱਥੇ ਅੱਜ ਪਿੰਡ ਬਾਦਲਗੜ੍ਹ ਦੀ ਗ੍ਰਾਮ ਸਕੱਤਰੇਤ ਵਿੱਚ ਲੋਕਾਂ ਅਤੇ ਗ੍ਰਾਮ ਪੰਚਾਇਤ ਵਲੋਂ ਇਕ ਮਹਾਂਪੰਚਾਇਤ ਕਰਵਾਈ ਗਈ।
ਇਸ ਮਹਾਂਪੰਚਾਇਤ ਵਿਚ ਫੈਸਲਾ ਲਿਆ ਗਿਆ ਕਿ ਪਿੰਡ ਦੇ ਨੌਜਵਾਨਾਂ ਨੂੰ ਚਿੱਟੇ ਅਤੇ ਮੈਡੀਕਲ ਦੇ ਨਸ਼ੇ ਤੋਂ ਬਚਾਉਣ ਲਈ ਪੂਰੇ ਪਿੰਡ ਨੇ ਇਕੱਠੇ ਹੋ ਕੇ ਫੈਸਲਾ ਲਿਆ। ਇਸ ਸੰਕਲਪ ਤਹਿਤ ਫੈਸਲਾ ਲਿਆ ਗਿਆ ਕਿ ਜੇ ਪਿੰਡ ਵਿਚ ਕੋਈ ਵਿਅਕਤੀ ਨਸ਼ਾ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਫੜ ਕੇ ਪੁਲੀਸ ਦੇ ਹਵਾਲੇ ਕੀਤਾ ਜਾਵੇਗਾ ਅਤੇ ਕੋਈ ਵੀ ਪਿੰਡ ਦਾ ਵਿਅਕਤੀ ਉਸ ਦੀ ਜ਼ਮਾਨਤ ਨਹੀਂ ਦੇਵੇਗਾ। ਜੇ ਕੋਈ ਵਿਅਕਤੀ ਨਸ਼ਾ ਵੇਚਣ ਵਾਲੇ ਦੀ ਜ਼ਮਾਨਤ ਦੇਵੇਗਾ ਤਾਂ ਉਸ ਵਿਅਕਤੀ ਦਾ ਵੀ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਸ ਨਾਲ ਕਿਸੇੇ ਵੀ ਤਰ੍ਹਾਂ ਦਾ ਕੋਈ ਸਬੰਧ ਨਹੀਂ ਰੱਖੇਗਾ। ਇਸ ਮਹਾਪੰਚਾਇਤ ਵਿਚ ਸਾਰੇ ਬੁਲਾਰਿਆਂ ਨੇ ਕਿਹਾ ਕਿ ਪਿੰਡ ਵਿਚ ਰੋਜ਼ਾਨਾ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਿਹਾ ਹੈ ਅਤੇ ਮੌਤ ਨੂੰ ਗਲੇ ਲਗਾ ਰਿਹਾ ਹੈ।
ਪਿੰਡ ਦੇ ਸਾਰੇ ਲੋਕਾਂ ਨੇ ਪੰਚਾਇਤ ਦੌਰਾਨ ਹੱਥ ਚੁੱਕ ਕੇ ਵੱਡਾ ਫ਼ੈਸਲਾ ਲਿਆ। ਇਸ ਮੌਕੇ ਸਰਪੰਚ ਸਤਗੁਰੂ ਸਿੰਘ, ਪੰਚ ਅਤੇ ਪੱਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਗੱਗੀ ਚਹਿਲ, ਇਕਾਈ ਸਕੱਤਰ ਯਾਦਵਿੰਦਰ ਚਹਿਲ, ਇਕਾਈ ਉਪ ਪ੍ਰਧਾਨ ਪ੍ਰਗਟ ਜਟਾਣਾ, ਲਾਡੀ ਚਹਿਲ, ਗੁਰਚਰਨ ਸਿੰਘ, ਕਾਕਾ ਰਾਮ, ਸੁਰਜੀਤ ਸਿੰਘ, ਜਰਨੈਲ ਸਿੰਘ, ਭੋਲਾ ਰਾਮ, ਨਛੱਤਰ ਚਹਿਲ, ਸੁਮਿਤ ਰਾਣਾ ਸਮੇਤ ਹੋਰ ਵੀ ਹਾਜ਼ਰ ਸਨ।