ਸੱਭਿਅਤਾ ਨਾਲ ਜੋੜਦੀਆਂ ਨੇ ਕਿਤਾਬਾਂ: ਸ਼ਰਮਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਅਪਰੈਲ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵੱਲੋਂ ‘ਉਸਤਤਿ ਏ ਕਵੀਂ ਸਾਈਂ ਮੀਆਂ ਮੀਰ ਜੀ’ ਕਿਤਾਬ ’ਤੇ ਚਰਚਾ ਵਿਚ ਯੂਨੀਵਰਸਿਟੀ ਤੇ ਸੂਚਨਾ ਵਿਭਾਗ ਦੇ ਚੇਅਰਮੈਨ ਪ੍ਰੋ. ਸੰਜੀਵ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਸ਼ਰਮਾ ਨੇ ਕਿਹਾ ਕਿ ਕਿਤਾਬਾਂ ਸਾਨੂੰ ਸਾਡੀ ਸੱਭਿਅਤਾ ਤੇ ਸਭਿਆਚਾਰ ਨਾਲ ਜੋੜਨ ਦਾ ਕੰਮ ਕਰਦੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਨੂੰ ਪੜ੍ਹ ਕੇ ਸਾਨੂੰ ਇਤਿਹਾਸਕ ਘਟਨਾਵਾਂ ਤੇ ਸਭਿਆਚਾਰਕ ਪਰੰਪਰਾਵਾਂ ਬਾਰੇ ਜਾਨਣ ਦਾ ਮੌਕਾ ਵੀ ਮਿਲਦਾ ਹੈ। ਇਸ ਮੌਕੇ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਕੁਲਦੀਪ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਸਾਈਂ ਮੀਆਂ ਮੀਰ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਵਿਚ ਦੂਜੇ ਮੁੱਖ ਬੁਲਾਰੇ ਕਵੀਸ਼ਰੀ ਵਿਕਾਸ ਮੰਚ ਤਲਵੰਡੀ ਸਾਬੋ ਪਟਿਆਲਾ ਦੇ ਦਰਸ਼ਨ ਸਿੰਘ ਪਾਸੀਆਣਾ ਨੇ ਕਿਹਾ ਕਿ ਧਰਮ ਤੇ ਸੱਚ ਦਾ ਆਪਸ ਵਿਚ ਗੂੜ੍ਹਾ ਸਬੰਧ ਹੈ। ਉਨਾਂ ਕਿਹਾ ਕਿ ਸਾਈਂ ਮੀਆਂ ਮੀਰ ਤੇ ਜਹਾਂਗੀਰ ਦੀਆਂ ਧਰਮ ਪ੍ਰਤੀ ਕੀ ਭਾਵਨਾਵਾਂ ਸਨ,ਇਹ ਇਸ ਕਿਤਾਬ ਤੋਂ ਸਪੱਸ਼ਟ ਹੋ ਜਾਂਦਾ ਹੈ। ਉਨਾਂ ਕਿਹਾ ਕਿ ਪੁਸਤਕ ਵਿੱਚ 33 ਕਵੀਆਂ ਦੀਆਂ ਰਚਨਾਵਾਂ ਹਨ। ਕੁਲਵੰਤ ਸਿੰਘ ਸੈਦੋਕੇ ਨੇ ਕਿਹਾ ਕਿ ਇਹ ਕਿਤਾਬ ਸਾਈਂ ਮੀਆਂ ਮੀਰ ਬਾਰੇ ਹੈ ਜਿਨਾਂ ਨੇ ਹਰਮਿੰਦਰ ਸਾਹਿਬ ਦੀ ਨੀਂਹ ਰੱਖੀ ਸੀ। ਸੁੰਦਰਪਾਲ ਕੌਰ ਰਾਜਾਸਾਂਸੀ ਸਰਪ੍ਰਸਤ ਸਾਈਂ ਮੀਆਂ ਮੀਰ ਹੰਬਲ ਕੈਨੇਡਾ ਨੇ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਕਲਾ ਤੇ ਭਾਸ਼ਾ ਫੈਕਲਟੀ ਦੀ ਡੀਨ ਪ੍ਰੋ. ਪੁਸ਼ਪਾ ਰਾਣੀ ਵੀ ਹਾਜ਼ਰ ਸਨ।