ਸਿੱਖ ਬੰਧੂ ਵੈਲਫੇਅਰ ਟਰੱਸਟ ਵੱਲੋਂ ਸ਼ਖ਼ਸੀਅਤਾਂ ਦਾ ਸਨਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਅਪਰੈਲ
ਮੋਤੀ ਨਗਰ ਨਵੀਂ ਦਿੱਲੀ ਵਿੱਚ ਹਰ ਸਾਲ ਵਾਂਗ ਸਿੱਖ ਬੰਧੂ ਵੈਲਫੇਅਰ ਟਰੱਸਟ ਵੱਲੋਂ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਨਵੀਂ ਦਿੱਲੀ ਦੇ ਸਹਿਯੋਗ ਨਾਲ ਐਵਾਰਡ ਸਮਾਗਮ ਕਰਵਾਇਆ ਗਿਆ, ਜੋ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 302ਵੇਂ ਜਨਮਦਿਨ ਨੂੰ ਸਮਰਪਿਤ ਸੀ।
ਇਸ ਸਾਲ ਸਿੱਖ ਬੰਧੂ ਵੈਲਫੇਅਰ ਟਰੱਸਟ ਦੇ ਚੇਅਰਮੈਨ ਸੁਖਦੇਵ ਸਿੰਘ ਰੈਤ ਅਤੇ ਪ੍ਰਧਾਨ ਜਸਵਿੰਦਰ ਸਿੰਘ ਰੈਤ ਨੇ ਸ਼ਖਸੀਅਤਾਂ ਨੂੰ ਅਨਮੋਲ ਰਤਨ, ਰਾਮਗੜ੍ਹੀਆ ਰਤਨ, ਖਾਲਸਾ ਰਤਨ, ਮੈਂਬਰ ਆਫ ਦੀ ਈਅਰ, ਸੀਏ ਆਫ ਦੀ ਈਅਰ, ਵਿਸ਼ੇਸ਼ ਸਨਮਾਨ, ਆਰਟਿਸਟ ਆਫ ਦੀ ਈਅਰ, ਪੱਤਰਕਾਰਿਤਾ ਅਤੇ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰ ਵਿਸ਼ੇਸ਼ ਵਿਅਕਤੀ ਜਿਨ੍ਹਾਂ ਨੇ ਕੋਈ ਵਿਸ਼ੇਸ਼ ਉਪਲਬਧੀ ਹਾਸਲ ਕੀਤੀ ਹੋਵੇ ਉਨ੍ਹਾਂ ਨੂੰ ਵੀ ਸਨਮਾਨ ਕੀਤਾ।
ਇਸ ਸਮਾਗਮ ਵਿੱਚ ਦਿੱਲੀ, ਪੰਜਾਬ, ਹਰਿਆਣਾ ਅਤੇ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਰਾਮਗੜ੍ਹੀਆ ਬਰਾਦਰੀ ਦੇ ਚੋਣਵੇਂ ਉੱਘੇ ਕਾਰੋਬਾਰੀ ਭਰਾਵਾਂ ਨੇ ਹਾਜ਼ਰੀ ਭਰੀ। ਵਿਸ਼ੇਸ਼ ਤੌਰ ’ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਰਜਿੰਦਰ ਸਿੰਘ ਮਹਿਤਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਮਨਜੀਤ ਸਿੰਘ ਐੱਸਜੀਪੀਸੀ ਮੈਂਬਰ, ਬੀਬੀ ਰਣਜੀਤ ਕੌਰ, ਕੇਵਲ ਕ੍ਰਿਸ਼ਨ ਅਜੀਮਲ, ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਲੁਧਿਆਣਾ, ਹਰਚਰਨ ਸਿੰਘ ਧੰਮੂ ਪਾਣੀਪਤ ਅਤੇ ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਨਵੀਂ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਮੁਹਿੰਦਰ ਸਿੰਘ ਭੁੱਲਰ, ਗੁਰਦੁਆਰਾ ਸੀ ਬਲਾਕ ਹਰੀ ਨਗਰ ਦੀ ਟੀਮ, ਗੁਰਦੁਆਰਾ ਐੱਮਐੱਸ ਬਲਾਕ ਹਰੀ ਨਗਰ ਦੀ ਟੀਮ, ਰਾਮਗੜ੍ਹੀਆ ਬੋਰਡ ਆਰਬੀਡੀ ਦਿੱਲੀ ਦੀ ਟੀਮ ਸ਼ਾਮਲ ਸੀ।
ਹਰਮਨਜੀਤ ਸਿੰਘ ਅਨਮੋਲ ਰਤਨ, ਹਰਚਰਨ ਸਿੰਘ ਧੰਮੂ ਰਾਮਗੜ੍ਹੀਆ ਰਤਨ, ਮਲਕੀਤ ਸਿੰਘ ਸੌਂਧ ਮੈਂਬਰ ਆਫ ਦੀ ਈਅਰ, ਕਥਾਵਾਚਕ ਡਾ. ਮਨਪ੍ਰੀਤ ਸਿੰਘ ਖਾਲਸਾ ਰਤਨ, ਡਾ.ਗੁਰਪ੍ਰੀਤ ਸਿੰਘ ਖਾਲਸਾ ਡਾਕਟਰ ਆਫ ਦੀ ਈਅਰ, ਇਸ਼ਪ੍ਰੀਤ ਸਿੰਘ ਐਡਵੋਕੇਟ ਆਫ ਦੀ ਈਅਰ, ਜਗਦੇਵ ਸਿੰਘ ਰਾਣਾ ਗੋਲਡ ਮੈਡਲਿਸਟ, ਪਰਮਜੀਤ ਸਿੰਘ ਮਾਰਵਾਹ ਆਰਟਿਸਟ ਆਫ ਦੀ ਈਅਰ, ਭੁਪਿੰਦਰ ਸਿੰਘ ਉੱਭੀ ਪੱਤਰਕਾਰ ਆਫ ਦੀ ਈਅਰ, ਡਾ.ਮਨਜੀਤ ਸਿੰਘ ਪੰਜਾਬੀ ਸਾਹਿਤਕ ਸੇਵਾ ਸਨਮਾਨ, ਸ੍ਰੀ ਰਕੇਸ਼ ਗੁਪਤਾ ਸੀਏ ਆਫ ਦੀ ਈਅਰ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ।