ਅੰਗਦ ਸਿੰਘ ਦਾ ਪੰਜਾਬੀ ਹੈਲਪਲਾਈਨ ਵੱਲੋਂ ਸਨਮਾਨ
ਕੁਲਦੀਪ ਸਿੰਘ
ਨਵੀਂ ਦਿੱਲੀ, 24 ਅਪਰੈਲ
ਯੂਪੀਐੱਸਈ ਵੱਲੋਂ 2024 ਦੀ ਪ੍ਰੀਖਿਆ ਦੇ ਐਲਾਨੇ ਨਤੀਜਿਆਂ ਵਿੱਚ ਅੰਗਦ ਸਿੰਘ ਨੇ 162ਵਾਂ ਰੈਂਕ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਉਸ ਨੇ ਇਸ ਪ੍ਰੀਖਿਆ ਵਿੱਚ ਪੰਜਾਬੀ ਭਾਸ਼ਾ ਨੂੰ ਚੋਣਵੇਂ ਵਿਸ਼ੇ ਵਜੋਂ ਰੱਖਦੇ ਹੋਏ ਸਭ ਤੋਂ ਵੱਡੀ ਪ੍ਰੀਖਿਆ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਕਾਰਨ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਅਤੇ ਪ੍ਰਚਾਰ ਪ੍ਰਸਾਰ ਕਰਨ ਵਾਲੀਆਂ ਸੰਸਥਾਵਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਦਿੱਲੀ ਵਿੱਚ ਪਿਛਲੇ ਵੀਹ ਵਰ੍ਹਿਆਂ ਤੋਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕਾਰਜ ਕਰ ਰਹੀ ਸੰਸਥਾ ਪੰਜਾਬੀ ਹੈਲਪਲਾਈਨ ਦੇ ਅਹੁਦੇਦਾਰਾਂ ਨੇ ਅੰਗਦ ਸਿੰਘ ਦੀ ਹੌਸਲਾਅਫ਼ਜ਼ਾਈ ਕਰਨ ਲਈ ਉਸ ਨੂੰ ਸਨਮਾਨ ਪੱਤਰ ਅਤੇ ਦੁਸ਼ਾਲਾ ਭੇਟ ਕੀਤਾ। ਪੰਜਾਬੀ ਹੈਲਪਲਾਈਨ ਨਾਲ ਗੱਲਬਾਤ ਕਰਦਿਆਂ ਅੰਗਦ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬੀ ਪੜ੍ਹਨ ਦੀ ਪ੍ਰੇਰਨਾ ਉਨ੍ਹਾਂ ਦਾਦਾ ਮਰਹੂਮ ਤਾਰਾ ਸਿੰਘ ਅਨਜਾਣ ਤੋਂ ਮਿਲੀ ਜਿਨ੍ਹਾਂ ਨੇ ਕਾਫ਼ੀ ਲੰਮੇ ਸਮੇਂ ਤੱਕ ਦਿੱਲੀ ਵਿੱਚ ਪੰਜਾਬੀ ਅਧਿਆਪਨ ਦਾ ਕਾਰਜ ਕੀਤਾ। ਇਸ ਲਈ ਅੰਗਦ ਨੇ ਯੂਪੀਐੱਸਸੀ ਦੀ ਪ੍ਰੀਖਿਆ ਵਿੱਚ ਵੀ ਪੰਜਾਬੀ ਚੋਣਵੇਂ ਵਿਸ਼ੇ ਵਜੋਂ ਰੱਖਿਆ। ਇਸ ਮੌਕੇ ਪੰਜਾਬੀ ਹੈਲਪਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ, ਜਸਵਿੰਦਰ ਕੌਰ, ਮਹਿੰਦਰ ਮੁੰਜਾਲ ਅਤੇ ਸੁਨੀਲ ਬੇਦੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬੀ ਹੈਲਪਲਾਈਨ ਸਮੇਂ-ਸਮੇਂ ’ਤੇ ਸਕੂਲਾਂ ਅਤੇ ਕਾਲਜਾਂ ਵਿੱਚ ਜਾ ਕੇ ਪੰਜਾਬੀ ਵਿਸ਼ੇ ਦੇ ਰਾਹੀਂ ਸਿਵਲ ਸੇਵਾਵਾਂ ਵਿੱਚ ਕਰੀਅਰ ਬਣਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਦੀ ਰਹਿੰਦੀ ਹੈ ਤੇ ਇਸ ਬਾਬਤ ਸੰਸਥਾ ਵੱਲੋਂ ਛਾਪਿਆ ਸਿਵਲ ਸੇਵਾਵਾਂ ਦਾ ਕਿਤਾਬਚਾ ਵੀ ਵਿਦਿਆਰਥੀਆਂ ਨੂੰ ਮੁਫ਼ਤ ਦਿੱਤਾ ਜਾਂਦਾ ਹੈ।