ਐੱਸਡੀਐੱਮ ਵੱਲੋਂ ਅਨਾਜ ਮੰਡੀਆਂ ਦਾ ਦੌਰਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 3 ਮਈ
ਅੱਜ ਇੱਥੇ ਐਸਡੀਐਮ ਸੁਰੇਸ਼ ਕੁਮਾਰ ਨੇ ਲਾਲੀ ਅਤੇ ਬਾੜਾ ਪਿੰਡਾਂ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਕਣਕ ਦੀ ਖਰੀਦ ਲਈ ਕੀਤੇ ਗਏ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਫ਼ਸਲਾਂ ਦੀ ਖਰੀਦ ਦੇ ਕੰਮ ਵਿੱਚ ਲੱਗੀਆਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਰਾਹੀਂ ਫ਼ਸਲਾਂ ਦੀ ਚੁਕਾਈ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਆਖਿਆ ਕਿ ਖਰੀਦੀ ਗਈ ਕਣਕ ਦੀ ਚੁਕਾਈ ਜਲਦੀ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਕਿਸਾਨਾਂ ਤੋਂ ਖਰੀਦੀ ਗਈ ਫਸਲ ਦੀ ਅਦਾਇਗੀ ਵੀ ਨਿਰਧਾਰਤ ਸਮੇਂ ਦੇ ਅੰਦਰ ਕੀਤੀ ਜਾਵੇ। ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਲਾਲੀ ਅਨਾਜ ਮੰਡੀ ਵਿੱਚ ਕਣਕ ਦੀਆਂ ਬੋਰੀਆਂ ਨੂੰ ਨਾਪਿਆ ਅਤੇ ਜਾਂਚਿਆ ਅਤੇ ਪਾਇਆ ਕਿ ਕਣਕ ਦੀਆਂ ਬੋਰੀਆਂ ਵਿੱਚ 50 ਕਿਲੋਗ੍ਰਾਮ ਦਾ ਭਾਰ ਸਹੀ ਸੀ। ਐੱਸਡੀਐੱਮ ਸੁਰੇਸ਼ ਕੁਮਾਰ ਨੇ ਕਿਹਾ ਕਿ ਖਰੀਦ ਏਜੰਸੀਆਂ ਨਾਲ ਜੁੜੇ ਅਧਿਕਾਰੀ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਬਦਲਦੇ ਮੌਸਮ ਦੀ ਸੂਰਤ ਵਿੱਚ ਮੰਡੀਆਂ ਵਿੱਚ ਫਸਲਾਂ ਨੂੰ ਸੁਰੱਖਿਅਤ ਰੱਖਣ ਲਈ ਪਹਿਲਾਂ ਤੋਂ ਪ੍ਰਬੰਧ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਫਸਲਾਂ ਨੂੰ ਨੁਕਸਾਨ ਨਾ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਅਤੇ ਖਰੀਦ ਏਜੰਸੀਆਂ ਨੂੰ ਮੰਡੀ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਦੋਵਾਂ ਮੰਡੀਆਂ ਵਿੱਚ ਕਣਕ ਦੀ ਚੁਕਾਈ ਕੀਤੀ ਜਾ ਰਹੀ ਸੀ। ਇਸ ਮੌਕੇ ਮੰਡੀਕਰਨ ਬੋਰਡ ਦੇ ਅਧਿਕਾਰੀ, ਏਜੰਸੀਆਂ ਦੇ ਅਧਿਕਾਰੀ ਅਤੇ ਮੰਡੀਆਂ ਦਾ ਸਟਾਫ਼ ਮੌਜੂਦ ਸੀ।