ਆਈਲੈਟਸ ਸੈਂਟਰ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਦੋ ਕਾਬੂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 13 ਅਪਰੈਲ
ਜ਼ਿਲ੍ਹਾ ਕੁਰੂਕਸ਼ੇਤਰ ਪੁਲੀਸ ਸ਼ਾਹਬਾਦ ਦੇ ਆਈਲੈਟਸ ਸੈਂਟਰ ’ਤੇ ਗੋਲੀ ਚਲਾਉਣ ਦੇ ਦੋਸ਼ ਹੇਠ ਮੋਟਰਸਾਈਕਲ ਅਤੇ ਹਥਿਆਰ ਉਪਲਬਧ ਕਰਾਉਣ ਦੇ ਦੋਸ਼ਾ ਹੇਠ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਪਰਾਧ ਸ਼ਾਖਾ ਦੋ ਦੀ ਟੀਮ ਨੇ ਮੁਲਜ਼ਮਾਂ ਕੋਲੋਂ ਦੇਸੀ ਪਿਸਤੌਲ, ਦੇਸੀ ਕੱਟਾ 315 ਬੋਰ ਤੇ 3 ਰੌਂਦ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅਪਰਾਧ ਸ਼ਾਖਾ ਦੋ ਦੇ ਇੰਚਾਰਜ ਮੋਹਨ ਲਾਲ ਨੇ ਦਿੰਦਿਆਂ ਦੱਸਿਆ ਕਿ 10 ਅਪਰੈਲ ਨੂੰ ਸ਼ਾਹਬਾਦ ਦੇ ਆਈਲੈਟਸ ਸੈਂਟਰ ’ਤੇ ਦੋ ਨੌਜਵਾਨਾਂ ਨੇ ਗੋਲੀ ਚਲਾਈ ਸੀ। ਇਸ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ। ਇਸ ਸਬੰਧੀ ਐੱਸਐੱਸਪੀ ਵਰੁਣ ਸਿੰਗਲਾ ਨੇ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ। ਬੀਤੀ ਰਾਤ ਅਪਰਾਧ ਸ਼ਾਖਾ ਦੋ ਦੀ ਟੀਮ ਗਸ਼ਤ ’ਤੇ ਸੀ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸ਼ਾਹਬਾਦ ਬਰਾੜਾ ਰੋਡ ’ਤੇ ਦੋ ਸ਼ੱਕੀ ਮੋਟਰਸਾਈਕਲ ’ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਪੁਲੀਸ ਨੇ ਸ਼ਾਹਬਾਦ ਬਰਾੜਾ ਰੋਡ ’ਤੇ ਪਿੰਡ ਰਾਵਾ ਕੋਲ ਨਾਕੇ ਦੌਰਾਨ ਮੋਟਰਸਾਈਕਲ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲੀਸ ਟੀਮ ’ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਵੱਲੋਂ ਜਵਾਬੀ ਫਾਇਰਿੰਗ ਕਰਨ ’ਤੇ ਮੁਲਜ਼ਮਾਂ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ। ਪੁਲੀਸ ਨੇ ਉਨ੍ਹਾਂ ਨੂੰ ਸ਼ਾਹਬਾਦ ਦੇ ਸਰਕਾਰੀ ਹਸਪਤਾਲ ਤੇ ਫਿਰ ਐੱਲਐੱਨਜੇਪੀ ਹਸਪਤਾਲ ਕੁਰੂਕਸ਼ੇਤਰ ਦਾਖਲ ਕਰਾਇਆ। ਮੁਲਜ਼ਮਾਂ ਦੀ ਪਛਾਣ ਰਾਦੌਰ ਜ਼ਿਲ੍ਹਾ ਯਮੁਨਾਨਗਰ ਏਰੀਆ ਵਾਸੀ ਰਾਹੁਲ ਤੇ ਇਮਰਾਨ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਉਨ੍ਹਾਂ ਮੁਲਜ਼ਮਾਂ ਨੂੰ ਮੋਟਰਸਾਈਕਲ ਤੇ ਹਥਿਆਰ ਉਪਲਬਧ ਕਰਵਾਏ ਸਨ। ਵਾਰਦਾਤ ਮਗਰੋਂ ਉਹ ਉਨ੍ਹਾਂ ਨੂੰ ਹਥਿਆਰ ਤੇ ਮੋਟਰਸਾਈਕਲ ਦੇ ਕੇ ਫ਼ਰਾਰ ਹੋ ਗਏ ਸਨ। ਆਰੋਪੀਆਂ ਦਾ ਪਿਛਲਾ ਰਿਕਾਰਡ ਅਪਰਾਧਿਕ ਹੈ। ਦੋਵੇਂ ਆਰੋਪੀ ਪਹਿਲਾਂ ਵੀ ਜੇਲ੍ਹ ਵਿਚ ਰਹਿ ਚੁੱਕੇ ਹਨ।