ਨਿਸ਼ੀਕਾਂਤ ਦੂਬੇ ਦੇ ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਪ੍ਰਦਰਸ਼ਨ
ਨਵੀਂ ਦਿੱਲੀ, 22 ਅਪਰੈਲ
ਭਾਰਤੀ ਯੁਵਾ ਕਾਂਗਰਸ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਦੇ ਖ਼ਿਲਾਫ਼ ਵਿਵਾਦਿਤ ਬਿਆਨ ਦੇਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਦੀ ਬਰਖਾਸਤਗੀ ਦੀ ਮੰਗ ਕਰਦੇ ਹੋਏ ਅੱਜ ਇੱਥੇ ਪ੍ਰਦਰਸ਼ਨ ਕੀਤਾ। ਯੁਵਾ ਕਾਂਗਰਸ ਦੇ ਆਗੂ ਅਤੇ ਕਾਰਕੁਨ ਦੂਬੇ ਦੇ ਗ੍ਰਹਿ ਵੱਲ ਵਧਣ ਦੀ ਤਿਆਰੀ ਵਿੱਚ ਸਨ ਕਿ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਯੁਵਾ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂੰ ਚਿਬ ਨੇ ਕਿਹਾ ਕਿ ਭਾਜਪਾ ਲੋਕ ਸਭਾ ਮੈਂਬਰ ਨਿਸ਼ੀਕਾਂਤ ਦੂਬੇ ਵੱਲਂ ਭਾਰਤ ਦੇ ਮੁੱਖ ਚੀਫ਼ ਜਸਟਿਸ ਅਤੇ ਸੁਪਰੀਮ ਕੋਰਟ ਖ਼ਿਲਾਫ਼ ਦਿੱਤਾ ਗਿਆ ਬਿਆਨ ਨਾ ਕੇਵਲ ਸ਼ਰਮਨਾਕ ਹੈ, ਸਗੋਂ ਇਹ ਸਾਡੇ ਲੋਕਤੰਤਰ ਨੀਂਹ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਭਾਰਤੀ ਨਿਆਂਪਾਲਿਕਾ ਦੀ ਸੁਤੰਤਰਤਾ ਸਾਡੀ ਲੋਕਤੰਤਰਿਕ ਵਿਵਸਥਾ ਦੀ ਆਤਮਾ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ’ਤੇ ਸੁਰੱਖਿਅਤ ਰੱਖਣਾ ਸਾਡਾ ਕਰਤੱਵ ਹੈ। ਦਿੱਲੀ ਪ੍ਰਦੇਸ਼ ਯੁਵਾ ਕਾਂਗਰਸ ਦੇ ਮੁਖੀ ਅਕਸ਼ੈ ਲਾਕੜਾ ਨੇ ਕਿਹਾ ਕਿ ਨਿਆਂਪਾਲਿਕਾ ’ਤੇ ਇਸ ਤਰ੍ਹਾਂ ਦੇ ਹਮਲੇ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਦੇ ਇਸ਼ਾਰੇ ’ਤੇ ਹੋ ਰਹੇ ਹਨ, ਜੋ ਇਹ ਦਰਸਾਉਂਦਾ ਹੈ ਕਿ ਲੋਕਤੰਤਰਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਦੂਬੇ ਨੂੰ ਸੰਸਦ ਮੈਂਬਰਸ਼ਿਪ ਤੋਂ ਬਰਖਾਸਤ ਕਰਨਾ ਚਾਹੀਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਅਤੇ ਦੂਬੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾਫ਼ੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਸਨ। ਪੁਲੀਸ ਨੇ ਕਈ ਥਾਈਂ ਬੈਰੀਕੇਡ ਵੀ ਲਗਾਏ ਹੋਏ ਸਨ ਤਾਂ ਜੋ ਕਾਂਗਰਸੀ ਆਗੂ ਦੂਬੇ ਦੇ ਘਰ ਤੱਕ ਨਾ ਪਹੁੰਚ ਸਕਣ। ਇਸ ਦੌਰਾਨ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਬੈਰੀਕੇਡਾਂ ’ਤੇ ਚੜ੍ਹ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਦੀ ਇਹ ਯੋਜਨਾ ਸਫ਼ਲ ਨਹੀਂ ਹੋ ਦਿੱਤੀ। -ਪੀਟੀਆਈ