‘ਦੇਵੀ’ ਯੋਜਨਾ ਤਹਿਤ ਇਲੈਕਟ੍ਰਿਕ ਬੱਸ ਸੇਵਾ ਦੀ ਸ਼ੁਰੂਆਤ ਮੁਲਤਵੀ
ਨਵੀਂ ਦਿੱਲੀ, 22 ਅਪਰੈਲ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਪੋਪ ਫਰਾਂਸਿਸ ਦੇ ਦੇਹਾਂਤ ਕਾਰਨ ਰਾਸ਼ਟਰੀ ਸ਼ੋਕ ਦੀ ਘੋਸ਼ਣਾ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਇਲੈਕਟ੍ਰਿਕ ਵਹੀਕਲ ਇੰਟਰਚੇਂਜ (ਦੇਵੀ) ਯੋਜਨਾ ਤਹਿਤ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਮੁਲਤਵੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਸੋਮਵਾਰ ਨੂੰ ਪੋਪ ਫਰਾਂਸਿਸ ਦੇ ਦੇਹਾਂਤ ਮਗਰੋੋਂ ਤਿੰਨ ਰੋਜ਼ਾ ਰਾਸ਼ਟਰੀ ਸ਼ੋਕ ਦੀ ਘੋਸ਼ਣਾ ਕੀਤੀ ਹੈ। ਇਸਾਈ ਧਰਮਗੁਰੂ ਪੋਪ ਫਰਾਂਸਿਸ ਦਾ ਸੋਮਵਾਰ ਨੂੰ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਮੁੱਖ ਮੰੰਤਰੀ ਰੇਖਾ ਗੁਪਤਾ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪੋਸਟ ਪਾਈ ਹੈ ਕਿ ਧਰਮਗੁਰੂ ਪੋਪ ਫਰਾਂਸਿਸ ਦੇ ਦੇਹਾਂਤ ’ਤੇ ਕੇਂਦਰ ਸਰਕਾਰ ਵੱਲੋਂ ਘੋਸ਼ਿਤ ਰਾਸ਼ਟਰੀ ਸ਼ੋਕ ਦੇ ਮੱਦੇਨਜ਼ਰ ‘ਦੇਵੀ’ ਯੋਜਨਾ ਤਹਿਤ ਇਲੈਕਟ੍ਰਿਕ ਬੱਸਾਂ ਦੀ ਸ਼ੁਰੂਆਤ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਸਬੰਧੀ ਨਵੀਂ ਤਾਰੀਖ਼ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਦਿੱਲੀ ਸਰਕਾਰ ਦੀ ਯੋਜਨਾ ਅਨੁਸਾਰ ਗਾਜੀਪੁਰ ਡਿੱਪੂ ਤੋਂ ‘ਦੇਵੀ’ ਯੋਜਨਾ ਤਹਿਤ 76 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣੀਆਂ ਸਨ। ਇਸ ਸਬੰਧੀ ਸਮਾਗਮ ਰੱਦ ਹੋਣ ਕਾਰਨ ਅੱਜ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਸਬੰਧਤ ਥਾਂ ’ਤੇ ਇਕੱਠੇ ਹੋ ਗਏ ਪਰ ਯੋਜਨਾ ਸਬੰਧੀ ਸਮਾਗਮ ਮੁਅੱਤਲ ਹੋਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਘਰ ਵਾਪਸ ਮੁੜਨਾ ਪਿਆ। ਇਸ ਸਬੰਧੀ ਅੱਜ ਸਰਕਾਰ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸਨ। ਇਹ ਤਿਆਰੀਆਂ ਅੱਜ ਧਰੀਆਂ ਧਰਾਈਆਂ ਰਹਿ ਗਈਆਂ। ਇਸ ਸਬੰਧੀ ਬੱਸਾਂ ਨੂੰ ਵੀ ਸਜਾਇਆ ਗਿਆ ਸੀ। ਬੱਸ ਅੱਡੇ ’ਤੇ ਵੀ ਕਾਫੀ ਸਜਾਵਟ ਕੀਤੀ ਹੋਈ ਸੀ। ਪ੍ਰਬੰਧਕਾਂ ਵੱਲੋਂ ਇਸ ਸਬੰਧੀ ਸਾਰੇ ਇੰਤਜ਼ਾਮ ਕੀਤੇ ਹੋਏ ਸਨ। ਬੱਸ ਅੱਡੇ ਦੇ ਆਲੇ ਦੁਆਲੇ ਵੀ ਸਾਫ ਸਫ਼ਾਈ ਕੀਤੀ ਹੋਈ ਦਿਖਾਈ ਦੇ ਰਹੀ ਸੀ। ਸਮਾਗਮ ਮੁਲਤਵੀ ਹੋਣ ਕਾਰਨ ਪ੍ਰਬੰਧਕ ਵੀ ਨਿਰਾਸ਼ ਸਨ। -ਪੀਟੀਆਈ