ਟਿਊਬਵੈੱਲਾਂ ਤੋਂ ਕੇਬਲ ਚੋਰੀ ਕਰਨ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਟੋਹਾਣਾ, 13 ਅਪਰੈਲ
ਟਿਊਬਵੈੱਲਾਂ ਦੀਆਂ ਕੇਬਲਾਂ ਚੋਰੀ ਕਰਕੇ ਕਬਾੜੀਆਂ ਨੂੰ ਵੇਚਣ ਦੇ ਦੋਸ਼ ਹੇਠ ਪੁਲੀਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਖਲ ਦੇ ਐੱਸਐੱਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚ ਸਤਬੀਰ ਉਰਫ਼ ਪਾਲਾਰਾਮ, ਬੰਸੀ ਲਾਲ, ਲਛਮਣ ਉਰਫ਼ ਲੱਛੂ, ਪਿੰਡ ਤਲਵਾੜੀ ਢਾਣੀ ਵਾਸੀ ਜਗਸੀਰ ਤੇ ਪਿੰਡ ਸ਼ਕਰਪੁਰਾ ਵਾਸੀ ਮਿੱਠੂਰਾਮ ਸ਼ਾਮਲ ਹਨ। ਪੁਲੀਸ ਨੇ ਕੇਬਲ ਚੋਰਾਂ ਕੋਲੋਂ ਦਸ ਹਜ਼ਾਰ ਦੀ ਨਕਦੀ ਤੇ ਤਾਂਬੇ ਦੀਆਂ ਤਾਰਾਂ ਬਰਾਮਦ ਕੀਤੀਆਂ ਹਨ। ਐੱਸਐੱਚਓ ਨੇ ਦੱਸਿਆ ਕਿ ਪੁਲੀਸ ਨੇ 11 ਅਪਰੈਲ ਨੂੰ ਕਿਸਾਨ ਦਿਆਲ ਸਿੰਘ ਵਾਸੀ ਪਿੰਡ ਮਿਓੁਂਦਕਲਾਂ ਦੀ ਸ਼ਿਕਾਇਤ ’ਤੇ ਕੇਬਲ ਚੋਰੀ ਦਾ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ ਕਿਸਾਨ ਨਰਿੰਦਰ ਸਿੰਘ, ਅਮਰ ਸਿੰਘ, ਸਾਧਨਵਾਸ ਦੇ ਕਿਸਾਨ ਹਰਬੰਸ ਸਿੰਘ, ਪਿੰਡ ਅਕਾਂਵਾਲੀ ਦੇ ਕਿਸਾਨ ਰਛਪਾਲ ਸਿੰਘ ਦੇ ਖੇਤਾਂ ਵਿੱਚੋਂ ਕੇਬਲ ਚੋਰੀ ਕੀਤੀ ਗਈ ਸੀ। ਪੁਲੀਸ ਮੁਤਾਬਿਕ ਮੁਲਜ਼ਮਾਂ ਨੇ 400 ਫੁੱਟ ਕੇਬਲ ਚੋਰੀ ਕੀਤੀ ਸੀ। ਮੁਲਜ਼ਮਾਂ ਨੇ ਕੇਬਲ ਸਾੜ ਕੇ ਜਗਸੀਰ ਨੂੰ 5000 ਰੁਪਏ ਦਾ ਤਾਂਬਾ ਵੇਚ ਦਿੱਤਾ ਸੀ। ਪੁਲੀਸ ਨੇ ਜਗਸੀਰ ਸਿੰਘ ਦੇ ਮਕਾਨ ਵਿੱਚੋ ਚੋਰੀ ਦੀਆਂ ਕੇਬਲਾਂ ਦਾ ਤਾਬਾਂ ਬਰਾਮਦ ਕੀਤਾ ਹੈ।
ਕੁੱਕੜਾਂਵਾਲੀ ਦਾ ਅਨਿਲ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ
ਟੋਹਾਣਾ (ਪੱਤਰ ਪ੍ਰੇਰਕ): ਪੁਲੀਸ ਪਾਰਟੀ ਨੇ ਦਰੀਆਪੁਰ ਦੇ ਇਕ ਨੌਜਵਾਨ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ। ਥਾਣੇਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਨਿਲ ਵਾਸੀ ਪਿੰਡ ਕੁੱਕੜਾਂਵਾਲੀ ਵਜੋਂ ਹੋਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਕਿਸ ਇਰਾਦੇ ਨਾਲ ਨਾਜਾਇਜ਼ ਪਿਸਤੌਲ ਲੈ ਕੇ ਘੁੰਮ ਰਿਹਾ ਸੀ।