ਗੁਰਦੁਆਰਾ ਗੁਰਸ਼ਰਨ ਸਾਹਿਬ ਗਊਸ਼ਾਲਾ ਰੋਡ ਵਿਖੇ ਗੁਰਮਤਿ ਸਮਾਗਮ
ਸਤਪਾਲ ਰਾਮਗੜ੍ਹੀਆ
ਪਿਹੋਵਾ, 27 ਅਪਰੈਲ
ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰਸ਼ਰਨ ਸਾਹਿਬ ਗਊਸ਼ਾਲਾ ਰੋਡ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ| ਸਮਾਗਮ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਪਾਵਨ ਜੋੜਾ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਲਿਆਂਦਾ ਗਿਆ। ਗੁਰੂ ਜੀ ਦੇ ਪਾਵਨ ਜੋੜਾ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਵੱਡੀ ਗਿਣਤੀ ਵਿੱਚ ਨਤਮਸਤਕ ਹੋਈ। ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮੱਖਣ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਵਿਚਾਰਾਂ ਨਾਲ ਨਿਹਾਲ ਕੀਤਾ। ਕਵੀਸ਼ਰੀ ਜਥਾ ਭਾਈ ਭਗਤ ਸਿੰਘ ਗੁਰਦਾਸਪੁਰ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਅਮਰਦਾਸ ਜੀ ਦੇ ਪਾਵਨ ਜੋੜਾ ਸਾਹਿਬ ਦਾ ਇਤਿਹਾਸ ਸੁਣਾਇਆ| ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਵੀ ਸੁਣਾਇਆ। ਗੁਰਦੁਆਰੇ ਦੇ ਮੁੱਖ ਸੇਵਾਦਾਰ ਗਿਆਨੀ ਵਰਿਆਮ ਸਿੰਘ ਨੇ ਦੱਸਿਆ ਕਿ ਗੁਰੂ ਜੀ ਦੇ ਜੋੜਾ ਸਾਹਿਬ ਦੀ ਬਖਸ਼ਿਸ਼ ਇਹ ਹੈ ਕਿ ਇਸ ਦੀ ਛੋਹ ਨਾਲ ਪਾਗਲਪਣ, ਕੁੱਤੇ ਦੇ ਕੱਟਣ, ਹਾਜ਼ੀਰ ਵਾਲਾ ਅਤੇ ਹੋਰ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 40 ਦਿਨਾਂ ਤੋਂ ਗੁਰਦੁਆਰੇ ਵਿੱਚ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਇਸ ਮੌਕੇ ਵੀਰ ਸਿੰਘ ਗਿੱਲ, ਜਥੇਦਾਰ ਸਤਪਾਲ ਸਿੰਘ ਰਾਮਗੜ੍ਹੀਆ, ਰਾਜਿੰਦਰ ਸਿੰਘ, ਗੁਲਜ਼ਾਰ ਸਿੰਘ, ਸੇਵਾ ਸਿੰਘ, ਮੁਖਤਿਆਰ ਸਿੰਘ ਹਾਜ਼ਰ ਸਨ।