ਫ਼ਵਾਦ ਖ਼ਾਨ ਦੀ ਫ਼ਿਲਮ ‘ਅਬੀਰ ਗੁਲਾਲ’ ਭਾਰਤ ’ਚ ਨਹੀਂ ਹੋਵੇਗੀ ਰਿਲੀਜ਼
ਮੁੰਬਈ: ਪਾਕਿਸਤਾਨੀ ਅਦਾਕਾਰਾ ਫ਼ਵਾਦ ਖ਼ਾਨ ਦੀ ਫ਼ਿਲਮ ‘ਅਬੀਰ ਗੁਲਾਲ’ ਭਾਰਤ ਵਿੱਚ ਰਿਲੀਜ਼ ਕਰਨ ’ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਫ਼ੈਸਲਾ ਪਹਿਲਗਾਮ ਵਿੱਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਮਗਰੋਂ ਲਿਆ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਆਰਤੀ ਐੱਸ ਬਾਗੜੀ ਨੇ ਕੀਤਾ ਹੈ ਅਤੇ ਇਸ ਵਿੱਚ ਵਾਣੀ ਕਪੂਰ ਵੀ ਅਹਿਮ ਭੂਮਿਕਾ ਵਿਚ ਹੈ। ਇਸ ਫਿਲਮ ਨੂੰ ਅਗਲੇ ਮਹੀਨੇ 9 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾਣਾ ਸੀ। ਦਿ ਫੈੱਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ (ਐੱਫਡਬਲਿਯੂਆਈਸੀਈ) ਨੇ ਪਾਕਿਸਤਾਨੀ ਅਦਾਕਾਰ ਦੀ ਫ਼ਵਾਦ ਖ਼ਾਨ ਦੀ ਬੌਲੀਵੁੱਡ ਫਿਲਮ ‘ਅਬੀਰ ਗੁਲਾਲ’ ’ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਐੱਫਡਬਲਯੂਆਈਸੀਈ ਨੇ ਬੁੱਧਵਾਰ ਨੂੰ ਪਾਕਿਸਤਾਨੀ ਕਲਾਕਾਰਾਂ ’ਤੇ ਬੈਨ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਮੰਗ ਕੀਤੀ ਸੀ ਕਿ ਪਾਕਿਸਤਾਨੀ ਅਦਾਕਾਰਾਂ ਤੋਂ ਇਲਾਵਾ ਤਕਨੀਕੀ ਮਾਹਿਰਾਂ ਨੂੰ ਵੀ ਭਾਰਤੀ ਫਿਲਮਾਂ ਅਤੇ ਮਨੋਰੰਜਨ ਖੇਤਰ ’ਚ ਕੰਮ ਨਾ ਦਿੱਤਾ ਜਾਵੇ। ਐੱਫਡਬਲਿਯੂਆਈਸੀਈ ਨੇ ਇਸ ਸਬੰਧ ਵਿੱਚ ਬਰੌਡਕਾਸਟਰਜ਼ ਸਣੇ ਡਿਜੀਟਲ ਪਲੈਟਫਾਰਮਾਂ ਜਿਵੇਂ ਨੈੱਟਫਲਿਕਸ, ਐਮਾਜ਼ੌਨ ਪ੍ਰਾਈਮ, ਡਿਜ਼ਨੀ ਹੌਟਸਟਾਰ, ਐੱਮਐੱਕਸ ਪਲੇਅਰ ਅਤੇ ਜ਼ੀ ਨੂੰ ਇਸ ਫਿਲਮ ਨੂੰ ਰਿਲੀਜ਼ ਨਾ ਕਰਨ ਲਈ ਨੋਟਿਸ ਭੇਜਿਆ ਹੈ। ਯੂਨੀਅਨ ਨੇ ਇਸ ਫਿਲਮ ’ਤੇ ਪਾਬੰਦੀ ਲਈ ਲਏ ਫ਼ੈਸਲੇ ’ਤੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦਾ ਧੰਨਵਾਦ ਕੀਤਾ ਹੈ। -ਏਐੱਨਆਈ