ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਇਆ ਜਾਵੇਗਾ: ਸੰਧਵਾਂ
ਜੋਗਿੰਦਰ ਸਿੰਘ ਮਾਨ
ਮਾਨਸਾ, 16 ਮਾਰਚ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਾਜ ਵਿੱਚ ਨਸ਼ੇ ਖ਼ਿਲਾਫ਼ ਜੰਗ ਹੋਰ ਤੇਜ਼ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਸੂਬੇ ’ਚੋਂ ਛੋਟੇ-ਵੱਡੇ ਨਸ਼ਾ ਤਸਕਰ ਭਜਾ ਦਿੱਤੇ ਜਾਣਗੇ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਸਰਕਾਰ ਵੱਲੋਂ ਕੀਤਾ ਇਕੱਲਾ-ਇਕੱਲਾ ਵਾਅਦਾ ਨਿਭਾਇਆ ਜਾਵੇਗਾ। ਉਹ ਅੱਜ ਇਥੇ ਇਨਵਾਇਰਮੈਂਟ ਸੁਸਾਇਟੀ ਵੱਲੋਂ ਕਰਵਾਏ ਫੁੱਲਾਂ ਦੇ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਆਏ ਸਨ।
ਫੁੱਲਾਂ ਦੇ ਇਸ ਮੇਲੇ ਦੌਰਾਨ ਸਮਾਗਮ ਵਿੱਚ ਸ਼ਾਮਲ ਹੋਣ ਵੇਲੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਐਂਟੀ ਡਰੱਗ ਟਾਸਕ ਫੋਰਸ ਮਾਨਸਾ ਦੇ ਆਗੂ ਪਰਮਿੰਦਰ ਸਿੰਘ ਝੋਟਾ ਨੇ ਫ਼ਤਿਹ ਬੁਲਾਕੇ ਮਾਨਸਾ ’ਚ ਵੱਡੇ ਪੱਧਰ ’ਤੇ ਨਸ਼ਾ ਵਿਕਣ ਦੀ ਸ਼ਿਕਾਇਤ ਕੀਤੀ। ਪਰਮਿੰਦਰ ਸਿੰਘ ਝੋਟਾ ਨੇ ਕਿਹਾ ਕਿ ਮਾਨਸਾ ਵਿੱਚ ਧੜੱਲੇ ਨਾਲ ਨਸ਼ਾ ਵਿਕ ਰਿਹਾ ਹੈ ਅਤੇ ਉਸ ਨੂੰ ਕੋਈ ਰੋਕਣ ਵਾਲਾ ਨਹੀਂ। ਸ੍ਰੀ ਸੰਧਵਾਂ ਨੇ ਜਵਾਬ ਵਿੱਚ ਕਿਹਾ ਕਿ ਫ਼ਿਕਰ ਨਾ ਕਰੋ, ਆਉਂਦੇ ਦਿਨਾਂ ਵਿੱਚ ਨਸ਼ੇ ਦੇ ਸਾਰੇ ਸੁਦਾਗਰ ਟੰਗੇ ਜਾਣਗੇ, ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਵੇਗੀ।
ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਨਸ਼ੇ ਨੂੰ ਲੈਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਗੈਂਗਸਟਰਵਾਦ, ਭ੍ਰਿਸ਼ਟਾਚਾਰ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗੁਆਂਢੀ ਸੂਬੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਪੰਜਾਬ ਵਿੱਚ ਅਪਰਾਧਿਕ ਮਾਮਲੇ ਬਹੁਤ ਘੱਟ ਹਨ ਪਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਨਵਾਇਰਮੈਂਟ ਸੁਸਾਇਟੀ ਮਾਨਸਾ ਵੱਲੋਂ ਕਰਵਾਏ ਫੁੱਲਾਂ ਦੇ ਮੇਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਨੌਜਵਾਨ ਵਿਦੇਸ਼ਾਂ ਵਿੱਚ ਭੱਜਣ ਦੀ ਬਜਾਏ ਪੰਜਾਬ ਵਿੱਚ ਹੀ ਆਪਣੇ ਹੁਨਰ ਨਾਲ ਕਿੱਤਾ ਕਰਨ, ਜਿਸ ਨਾਲ ਸੂਬੇ ਅਤੇ ਨੌਜਵਾਨੀ ਦੀ ਤਰੱਕੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਵਿੱਚ ਬਹੁਤ ਹੁਨਰ ਹਨ ਅਤੇ ਉਨ੍ਹਾਂ ਨੂੰ ਪਚਾਨਣ ਦੀ ਲੋੜ ਹੈ ਜਦੋਂਕਿ ਪੰਜਾਬ ਸਰਕਾਰ ਇਸ ਨੂੰ ਭਰਵਾਂ ਹੁਲਾਰਾ ਦੇਣ ਵਿੱਚ ਲੱਗੀ ਹੋਈ ਹੈ।
ਇਸ ਮੌਕੇ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਮਾਨਸਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ, ਮਾਰਕੀਟ ਕਮੇਟੀ ਭੀਖੀ ਦੇ ਚੇਅਰਮੈਨ ਵਰਿੰਦਰ ਸੋਨੀ ਅਤੇ ਸੁਸਾਇਟੀ ਦੇ ਆਗੂ ਹਾਜ਼ਰ ਸਨ।