ਪੰਚਾਇਤ ਦਿਵਸ ਅੱਜ: ਸੂਬਾਈ ਸਮਾਗਮ ’ਚ ਮਾਨ ਕਰਨਗੇ ਸਨਮਾਨ
ਚਰਨਜੀਤ ਭੁੱਲਰ
ਚੰਡੀਗੜ੍ਹ, 23 ਅਪਰੈਲ
ਕੇਂਦਰੀ ਪੰਚਾਇਤ ਮੰਤਰਾਲੇ ਵੱਲੋਂ ਜਾਰੀ ‘ਪੰਚਾਇਤ ਐਡਵਾਂਸ ਇੰਡੈਕਸ’ ਵਿੱਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਲ੍ਹੋ ਦੀ ਗ੍ਰਾਮ ਪੰਚਾਇਤ ਨੇ ਪੰਜਾਬ ’ਚੋਂ ਪਹਿਲਾ ਦਰਜਾ ਹਾਸਲ ਕੀਤਾ ਹੈ। ਪਿੰਡ ਬੱਲ੍ਹੋ ਦੀ ਪੰਚਾਇਤ ਨੇ 68.29 ਅੰਕ ਹਾਸਲ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਭਲਕੇ ‘ਪੰਚਾਇਤੀ ਰਾਜ ਦਿਵਸ’ ਮੌਕੇ ਬੱਲ੍ਹੋ ਤੋਂ ਇਲਾਵਾ ਪੰਚਾਇਤ ਐਡਵਾਂਸ ਇੰਡੈਕਸ ਅਧੀਨ ਸਥਾਈ ਵਿਕਾਸ ਟੀਚਿਆਂ ਦੇ 9 ਵਿਸ਼ਿਆਂ ’ਚੋਂ ਅੱਵਲ ਆਉਣ ਵਾਲੀਆਂ ਪੰਚਾਇਤਾਂ ਦਾ ਸਨਮਾਨ ਕਰਨਗੇ।
ਪੰਜਾਬ ਸਰਕਾਰ ਵੱਲੋਂ ਭਲਕੇ ਇੱਥੇ ਟੈਗੋਰ ਥੀਏਟਰ ਵਿੱਚ ਸਵੇਰ 10 ਵਜੇ ‘ਪੰਚਾਇਤੀ ਰਾਜ ਦਿਵਸ’ ਮੌਕੇ ਸੂਬਾ ਪੱਧਰੀ ਸਮਾਗਮ ਕੀਤਾ ਜਾ ਰਿਹਾ ਹੈ। ਬਠਿੰਡਾ ਦੀ ਗ੍ਰਾਮ ਪੰਚਾਇਤ ਬੱਲ੍ਹੋ ਨੂੰ ਭਲਕੇ ਦੋ ਐਵਾਰਡ ਮਿਲਣਗੇ। ਇੱਕ ਪੰਜਾਬ ਭਰ ’ਚੋਂ ‘ਪੰਚਾਇਤ ਐਡਵਾਂਸ ਇੰਡੈਕਸ’ ਵਿੱਚ ਪਹਿਲਾ ਸਥਾਨ ਹਾਸਲ ਕਰਨ ਦਾ ਅਤੇ ਦੂਜਾ ‘ਸਥਾਈ ਵਿਕਾਸ ਦੇ ਟੀਚਿਆਂ’ ਦੇ ਥੀਮ ’ਚ ਅੱਵਲ ਰਹਿਣ ਦਾ। ਸਥਾਈ ਵਿਕਾਸ ਦੇ ਟੀਚਿਆਂ ਦੇ ਥੀਮ ਵਾਈਜ਼ ਕੀਤੇ ਗਏ ਮੁਲਾਂਕਣ ’ਚ ਨੌਂ ਪੰਚਾਇਤਾਂ ਦੀ ਚੋਣ ਹੋਈ ਹੈ।
ਪਿੰਡ ਬੱਲ੍ਹੋ ਦੀ ਸਰਪੰਚ ਅਮਰਜੀਤ ਕੌਰ ਅਤੇ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਦੱਸਿਆ ਕਿ ਪੰਚਾਇਤ ਨੇ ਨਿਵੇਕਲੀਆਂ ਪੈੜਾਂ ਪਾਈਆਂ ਹਨ। ਪਿੰਡ ਬੱਲ੍ਹੋ ਵਿੱਚ ਅੱਜ ਲੋਕਾਂ ਨੇ ਇਹ ਖ਼ੁਸ਼ੀ ਸਾਂਝੀ ਕੀਤੀ।
ਸਥਾਈ ਵਿਕਾਸ ਦੇ ਟੀਚਿਆਂ ਦੇ ਅਲੱਗ-ਅਲੱਗ ਨੌਂ ਵਿਸ਼ਿਆਂ ’ਚ ਅੱਵਲ ਰਹਿਣ ਵਾਲੀਆਂ ਪੰਚਾਇਤਾਂ ’ਚ ਰੂਪਨਗਰ ਦੀ ਪੰਚਾਇਤ ਦੌਲੇਵਾਲ ਅੱਪਰਲਾ (ਗ਼ਰੀਬੀ ਮੁਕਤ ਪਿੰਡ) ਅਤੇ ਗੰਭੀਰਪੁਰ ਅੱਪਰਲਾ (ਸਮਾਜਿਕ ਸੁਰੱਖਿਆ ਪਿੰਡ), ਹੁਸ਼ਿਆਰਪੁਰ ਜ਼ਿਲ੍ਹੇ ਦੀ ਪੰਚਾਇਤ ਨੰਗਲ ਕਲਾਲਾਂ (ਸਿਹਤਮੰਦ ਪਿੰਡ), ਕਪੂਰਥਲਾ ਦੀ ਪੰਚਾਇਤ ਅਹਿਮਦਪੁਰ (ਬਾਲ ਮਿੱਤਰ ਪਿੰਡ), ਪਟਿਆਲਾ ਦੀ ਪੰਚਾਇਤ ਮੋਹੀ ਕਲਾਂ (ਪਾਣੀ ਭਰਪੂਰ ਪਿੰਡ) ਤੇ ਪਿੰਡ ਲਊਟ (ਸਵੱਛ ਤੇ ਹਰੀ ਭਰੀ ਪੰਚਾਇਤ), ਬਠਿੰਡਾ ਦੀ ਪੰਚਾਇਤ ਬੱਲ੍ਹੋ (ਸਵੈ-ਨਿਰਭਰ ਬੁਨਿਆਦੀ ਢਾਂਚੇ ਵਾਲਾ ਪਿੰਡ), ਪਠਾਨਕੋਟ ਦੀ ਪੰਚਾਇਤ ਪਰਮਾਨੰਦ (ਚੰਗੇ ਸ਼ਾਸਨ ਵਾਲਾ ਪਿੰਡ) ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਪੰਚਾਇਤ ਕੋਟਲੀ ਢੋਲੇ ਸ਼ਾਹ (ਮਹਿਲਾਵਾਂ ਦੇ ਅਨੁਕੂਲ ਪਿੰਡ) ਸ਼ਾਮਲ ਹਨ, ਜਿਨ੍ਹਾਂ ਨੂੰ ਭਲਕੇ ਮੁੱਖ ਮੰਤਰੀ ਸਨਮਾਨਿਤ ਕਰਨਗੇ। ਇਨ੍ਹਾਂ ਪੰਚਾਇਤਾਂ ਦੇ ਸਕੱਤਰਾਂ ਨੂੰ ਵੀ ਸ਼ਲਾਘਾ ਪੱਤਰ ਦਿੱਤੇ ਜਾਣਗੇ।
ਪੰਚਾਇਤੀ ਰਾਜ ਦਿਵਸ ਮੌਕੇ ਬਲਾਕ ਮੋਰਿੰਡਾ, ਲੁਧਿਆਣਾ-1, ਦੋਰਾਹਾ, ਪਟਿਆਲਾ ਅਤੇ ਸੁਨਾਮ ਦੇ ਸਵੈ-ਸਹਾਇਤਾ ਗਰੁੱਪਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਇਸ ਦੌਰਾਨ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਮੁੜ ਸ਼ੁਰੂ ਕੀਤੇ ਵਿਭਾਗੀ ਮੈਗਜ਼ੀਨ ‘ਸਾਡੇ ਪਿੰਡ’ ਨੂੰ ਮੁੜ ਲਾਂਚ ਕੀਤਾ ਜਾਵੇਗਾ। ਨਸ਼ਾ ਮੁਕਤ ਐਲਾਨੀਆਂ ਗਈਆਂ ਪੰਚਾਇਤਾਂ ਦੇ ਹਰ ਬਲਾਕ ’ਚੋਂ ਇੱਕ ਪੰਚਾਇਤ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸਰਬਸੰਮਤੀ ਵਾਲੀਆਂ 7 ਪੰਚਾਇਤਾਂ ਦਾ ਵੀ ਹੋਵੇਗਾ ਸਨਮਾਨ
ਪੰਚਾਇਤ ਦਿਵਸ ਮੌਕੇ ਭਲਕੇ ਪੰਜਾਬ ਦੀਆਂ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ’ਚੋਂ ਸੱਤ ਦਾ ਸਨਮਾਨ ਕੀਤਾ ਜਾਵੇਗਾ। ਇਸ ਤਹਿਤ ਸੰਗਰੂਰ ਜ਼ਿਲ੍ਹੇ ਦੀ ਪਿੰਡ ਕਰੌਦ, ਨੰਦਗੜ੍ਹ, ਸੰਤੋਖਪੁਰਾ, ਗੁਰੂ ਤੇਗ਼ ਬਹਾਦਰ ਆਬਾਦੀ ਹਰਿਆਊ, ਨਾਨਕਪੁਰਾ, ਮੁਹੰਮਦਪੁਰ ਰਸਾਲਦਾਰ ਛੰਨਾ ਅਤੇ ਲੁਧਿਆਣਾ ਦੇ ਪਿੰਡ ਅਸਗੀਰਪੁਰ ਦੀ ਪੰਚਾਇਤ ਨੂੰ ਸਨਮਾਨਿਤ ਕੀਤਾ ਜਾਣਾ ਹੈ। ਪੰਜਾਬ ’ਚ ਸਰਬਸੰਮਤੀ ਨਾਲ ਚੁਣੀਆਂ 3044 ਪੰਚਾਇਤਾਂ ਲਈ 150 ਕਰੋੜ ਦਾ ਬਜਟ ਲੋੜੀਂਦਾ ਹੈ। ਮੁੱਖ ਮੰਤਰੀ ਨੇ ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦੇਣ ਦਾ ਐਲਾਨ ਕੀਤਾ ਸੀ।